ਮਹਿਲ ਕਲਾਂ,10 ਜਨਵਰੀ (ਜਸਵੰਤ ਸਿੰਘ ਲਾਲੀ)-
-ਬਰਨਾਲਾ-ਲੁਧਿਆਣਾ ਰੋਡ ‘ਤੇ ਪਿੰਡ ਵਜੀਦਕੇ ਕਲਾਂ ਦੇ ਨਜ਼ਦੀਕ ਮੇਨ ਹਾਈਵੇ ‘ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ 8.15 ਵਜੇ ਹੋਇਆ। ਮੌਕੇ ‘ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਇੱਕ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਠੀਕਰੀਵਾਲ ਲਿੰਕ ਰੋਡ ਤੋਂ ਮੇਨ ਹਾਈਵੇ ਦੇ ਉੱਪਰ ਚੜੀ ਤਾਂ ਮੇਨ ਹਾਈਵੇ ‘ਤੇ ਆ ਰਹੀ ਪੀਆਰਟੀਸੀ ਦੀ ਇੱਕ ਬੱਸ ਟਰਾਲੀ ਨਾਲ ਟਕਰਾ ਗਈ। ਬੱਸ ਤੇ ਟਰਾਲੀ ਦੀ ਇਸ ਟੱਕਰ ਵਿੱਚ ਬੱਸ ਵਿੱਚ ਸਵਾਰ ਕਾਫੀ ਸਵਾਰੀਆਂ ਜ਼ਖਮੀ ਹੋ ਗਈਆਂ, ਅਜੇ ਸਵਾਰੀਆਂ ਬੱਸ ਵਿੱਚੋਂ ਹੇਠਾਂ ਉਤਰ ਹੀ ਰਹੀਆਂ ਸਨ ਤਾਂ ਅਚਾਨਕ ਪਿੱਛੇ ਤੋਂ ਆ ਰਹੇ ਇੱਕ ਟਰਾਲੇ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਬੱਸ ਵਿੱਚੋਂ ਉਤਰ ਰਹੀ ਇੱਕ ਨੌਜਵਾਨ ਲੜਕੀ ਟਰਾਲੀ ਦੀ ਲਪੇਟ ਵਿੱਚ ਆ ਗਈ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਅਨੂਪ੍ਰਿਯਾ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਖੇੜੀ ਕਲਾ ਨੇੜੇ ਸ਼ੇਰਪੁਰ ਵਜੋਂ ਹੋਈ ਜੋ ਰਾਏਕੋਟ ਇੱਕ ਪ੍ਰਾਈਵੇਟ ਕਾਲਜ ਵਿੱਚ ਪ੍ਰੋਫੈਸਰ ਸੀ। ਇਹ ਸੜਕ ਹਾਦਸਾ ਗਹਿਰੀ ਧੁੰਦ ਦੇ ਕਾਰਨ ਹੋਇਆ ਹੈ ਜਿਸ ਕਾਰਨ ਹਾਦਸੇ ਦੇ ਸ਼ਿਕਾਰ ਹੋਏ ਵਾਹਨਾਂ ਦੇ ਚਾਲਕਾਂ ਨੂੰ ਸਾਹਮਣੇ ਕੁਝ ਦਿਖਾਈ ਨਹੀਂ ਦਿੱਤਾ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਪੁਲਿਸ ਦੀ ਟੀਮ ਤੁਰੰਤ ਮੌਕੇ ‘ਤੇ ਪੁੱਜੀ ਅਤੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ।