ਚੰਡੀਗੜ੍ਹ,10 ਜਨਵਰੀ, Gee98 news service
-ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਨਕਸ਼ਾ ਪਾਸ ਕਰਵਾਉਣ ਬਦਲੇ ਨਗਰ ਨਿਗਮ ਪਟਿਆਲਾ ਦੇ ਇੱਕ ਕਰਮਚਾਰੀ ਅਤੇ ਆਰਕੀਟੈਕਟ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਮੇਲ ਸਿੰਘ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਨੇ ਦੱਸਿਆ ਕਿ ਅਸ਼ੋਕ ਕੁਮਾਰ ਪੁੱਤਰ ਚਰਨਜੀਤ ਲਾਲ ਵਾਸੀ ਘੁਮਿਆਰ ਬਸਤੀ ਪਾਤੜਾਂ ਜ਼ਿਲ੍ਹਾ ਪਟਿਆਲਾ ਦੀ ਸ਼ਿਕਾਇਤ ਦੇ ਅਧਾਰ ‘ਤੇ ਜਸਪਾਲ ਸਿੰਘ ਏਟੀਪੀ ਨਗਰ ਨਿਗਮ ਪਟਿਆਲਾ ਅਤੇ ਇੱਕ ਆਰਕੀਟੈਕਟ ਅਨੀਸ਼ ਖੰਨਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੱਦਈ ਅਸ਼ੋਕ ਕੁਮਾਰ BAMS ਡਾਕਟਰ ਹੈ ਜਿਸਨੇ ਆਪਣਾ ਨਰਸਿੰਗ ਹੋਮ ਬਣਾਉਣਾ ਸੀ ਅਤੇ ਨਰਸਿੰਗ ਹੋਮ ਦੀ ਇਮਾਰਤ ਬਣਾਉਣ ਸਬੰਧੀ ਨਕਸ਼ਾ ਪਾਸ ਕਰਨ ਲਈ ਅਸ਼ੋਕ ਕੁਮਾਰ ਨੇ ਜਦ ਨਗਰ ਨਿਗਮ ਸੰਬੰਧਿਤ ਬ੍ਰਾਂਚ ਵਿੱਚ ਪਹੁੰਚ ਕੀਤੀ ਤਾਂ ਏਟੀਪੀ ਜਸਪਾਲ ਸਿੰਘ ਨੇ ਕਿਹਾ ਕਿ ਆਰਕੀਟੈਕਟ ਅਨੀਸ਼ ਖੰਨਾ ਨਾਲ ਸੰਪਰਕ ਕਰੋ, ਉਹਨਾਂ ਤੋਂ ਫਾਈਲ ਤਿਆਰ ਕਰਵਾ ਲਵੋ ਅਤੇ ਉਹ ਤੁਹਾਨੂੰ ਸਾਰਾ ਕੁਝ ਦੱਸ ਦੇਵੇਗਾ ਕਿ ਕਿਵੇਂ ਨਕਸ਼ਾ ਪਾਸ ਕਰਵਾਉਣਾ ਹੈ। ਇਸ ਤੋਂ ਬਾਅਦ ਅਸ਼ੋਕ ਕੁਮਾਰ ਆਰਕੀਟੈਕਟ ਅਨੀਸ਼ ਖੰਨਾ ਨੂੰ ਮਿਲਿਆ ਤਾਂ ਅਨੀਸ਼ ਖੰਨਾ ਨੇ ਮੱਦਈ ਤੋਂ ਦਸਤਾਵੇਜ਼ ਲੈ ਕੇ ਉਸ ਦੀ ਫਾਈਲ ਤਿਆਰ ਕਰ ਦਿੱਤੀ ਜਿਸ ਦੇ ਕਹਿਣ ‘ਤੇ ਅਸ਼ੋਕ ਕੁਮਾਰ ਨੇ ਆਨਲਾਈਨ ਪੋਰਟਲ ‘ਤੇ 34000 ਸਰਕਾਰੀ ਫੀਸ ਵਜੋਂ ਵੀ ਭਰ ਦਿੱਤੇ। ਜਿਸ ਤੋਂ ਬਾਅਦ ਆਰਕੀਟੈਕਟ ਅਨੀਸ਼ ਖੰਨਾ ਨੇ ਅਸ਼ੋਕ ਕੁਮਾਰ ਨੂੰ ਕਿਹਾ ਕਿ 1 ਲੱਖ ਰੁਪਏ ਹੋਰ ਦੇਵੋ ਜਿਸ ਵਿੱਚੋਂ 50 ਹਜ਼ਾਰ ਫਾਈਲ ਤਿਆਰ ਕਰਨ ਦੇ ਹਨ ਅਤੇ 50,000 ਰੁਪਏ ਏਟੀਪੀ ਜਸਪਾਲ ਸਿੰਘ ਨੂੰ ਖਰਚਾ ਪਾਣੀ ਦੇ ਦੇਣੇ ਹਨ ਜਿਸਨੇ ਤੁਹਾਡਾ ਨਕਸ਼ਾ ਪਾਸ ਕਰਨਾ ਹੈ। ਅਸ਼ੋਕ ਕੁਮਾਰ ਨੇ ਇਕ ਲੱਖ ਰੁਪਏ ਅਨੀਸ਼ ਖੰਨਾ ਨੂੰ ਦੇ ਦਿੱਤਾ ਪ੍ਰੰਤੂ ਉਸ ਦੇ ਨਰਸਿੰਗ ਹੋਮ ਦੀ ਬਿਲਡਿੰਗ ਦਾ ਨਕਸ਼ਾ ਫਿਰ ਵੀ ਪਾਸ ਨਹੀਂ ਹੋਇਆ ਤੇ ਉਸ ਨੂੰ 6-7 ਮਹੀਨੇ ਲਾਰੇ ਲਗਾਉਂਦੇ ਰਹੇ। ਉਹਨਾਂ ਦੱਸਿਆ ਕਿ 8 ਜਨਵਰੀ ਨੂੰ ਅਸ਼ੋਕ ਕੁਮਾਰ ਨੇ ਅਨੀਸ਼ ਖੰਨਾ ਨਾਲ ਨਕਸ਼ਾ ਪਾਸ ਕਰਵਾਉਣ ਲਈ ਸੰਪਰਕ ਕੀਤਾ ਤਾਂ ਅਨੀਸ਼ ਖੰਨਾ ਨੇ 50,000 ਹੋਰ ਰਿਸ਼ਵਤ ਵਜੋਂ ਮੰਗ ਕੀਤੀ ਜਿਸ ਤੋਂ ਬਾਅਦ ਮੁੱਦਈ ਅਸ਼ੋਕ ਕੁਮਾਰ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਤਾਂ ਵਿਜੀਲੈਂਸ ਦੀ ਟੀਮ ਨੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਟਰੈਪ ਲਗਾ ਕੇ ਅਨੀਸ਼ ਖੰਨਾ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 50000 ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਅਤੇ ਏਟੀਪੀ ਜਸਪਾਲ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ।