ਬਰਨਾਲਾ,11 ਜਨਵਰੀ, Gee98 news service
-C.I.A. ਟੀਮ ਦੇ ਯਤਨਾਂ ਸਦਕਾ ਬਰਨਾਲਾ ਪੁਲਿਸ ਨੇ ਇੱਕ ਖਤਰਨਾਕ ਗੈਂਗਸਟਰ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਉਸਦੀ ਸੂਚਨਾ ਦੇ ਅਧਾਰ ‘ਤੇ ਇੱਕ ਹੋਰ ਗੈਂਗਸਟਰ ਨੂੰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਖਤਨਾਕ ਹਥਿਆਰਾਂ ਦੀ ਬਰਾਮਦਗੀ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਸੀਆਈਏ ਸਟਾਫ਼ ਬਰਨਾਲਾ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਸ਼ੁਭਮ ਔਰ ਸੂਬੀ ਪੁੱਤਰ ਰਜੇਸ਼ ਕੁਮਾਰ ਵਾਸੀ ਬਰਨਾਲਾ ਨੂੰ ਇੱਕ ਪਿਸਟਲ 32 ਬੋਰ ਦੇਸੀ ਸਮੇਤ ਦੋ ਕਾਰਤੂਸ ਜ਼ਿੰਦਾ ਗ੍ਰਿਫ਼ਤਾਰ ਕੀਤਾ ਅਤੇ ਉਸ ਦੀ ਪੁੱਛਗਿੱਛ ਦੇ ਆਧਾਰ ‘ਤੇ ਜਸਦੇਵ ਔਰ ਜੱਸੀ ਉਰਫ ਪੈਂਚਰ ਪੁੱਤਰ ਰਾਮ ਪ੍ਰਤਾਪ ਵਾਸੀ ਮਾਨਸਾ ਨੂੰ ਵੀ ਮੁਕੱਦਮੇ ‘ਚ ਨਾਮਜ਼ਦ ਕਰਕੇ ਫਿਰੋਜ਼ਪੁਰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਦੋਵਾਂ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰਨ ਤੋਂ ਬਾਅਦ ਰਿਮਾਂਡ ਦੌਰਾਨ ਸ਼ੁਭਮ ਦੀ ਨਿਸ਼ਾਨਦੇਹੀ ‘ਤੇ ਇੱਕ ਪਿਸਟਲ ਗਲੋਕ 9 ਐਮਐਮ ਸਮੇਤ ਦੋ ਜ਼ਿੰਦਾ ਕਾਰਤੂਸ ਅਤੇ ਇੱਕ ਪਿਸਟਲ 30 ਬੋਰ ਸਮੇਤ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਬਰਨਾਲਾ ਸ਼ਹਿਰ ਨਾਲ ਸਬੰਧਿਤ ਕਿਸੇ ਅਪਰਾਧੀ ਨੌਜਵਾਨ ਤੋਂ ਵਿਦੇਸ਼ੀ ਅਸਲੇ ਦੀ ਬਰਾਮਦਗੀ ਭਾਵੇਂ ਇਹ ਸੰਕੇਤ ਦੇ ਰਹੀ ਹੈ ਕਿ ਖੇਤਰ ਵਿੱਚ ਖਤਰਨਾਕ ਮੁਜਰਮਾਂ ਦੀ ਮੌਜੂਦਗੀ ਹੈ ਫਿਰ ਵੀ ਐਸਐਸਪੀ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ‘ਚ ਮਾੜੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਪੁਲਿਸ ਵੱਲੋਂ ਫੜੇ ਦੋਵੇਂ ਦੋਸ਼ੀਆਂ ਦੀ ਅਪਰਾਧਿਕ ਬਿਰਤੀ ਦਾ ਅੰਦਾਜ਼ਾ ਇਸ ਗੱਲੋਂ ਵੀ ਲੱਗਦਾ ਹੈ ਕਿ ਸੁਭਮ ਦੇ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਹਿਲਾਂ ਹੀ 7 ਮੁਕੱਦਮੇ ਦਰਜ ਹਨ ਅਤੇ ਜਸਦੇਵ ਜੱਸੀ ਦੇ ਖ਼ਿਲਾਫ਼ 19 ਮੁਕੱਦਮੇ ਦਰਜ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਦੋਵੇਂ ਦੋਸ਼ੀਆਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਅਤੇ ਰਿਮਾਂਡ ਦੌਰਾਨ ਗੰਭੀਰਤਾ ਨਾਲ ਪੜ੍ਹਤਾਲ ਕੀਤੀ ਜਾਵੇਗੀ।