ਚੰਡੀਗੜ੍ਹ,11 ਜਨਵਰੀ, Gee98 news service
-ਪੰਜਾਬ ‘ਚ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਆਂ, ਮਾਲ ਵਿਭਾਗ ਦੇ ਅਧਿਕਾਰੀਆਂ ਦਾ ਸਰਕਾਰ ਨਾਲ 36 ਦਾ ਅੰਕੜਾ ਰਿਹਾ ਹੈ। ਮਾਲ ਅਧਿਕਾਰੀਆਂ ਵੱਲੋਂ ਥੋੜੇ ਜਿਹੇ ਸਮੇਂ ਬਾਅਦ ਅਣਮਿਥੇ ਸਮੇਂ ਦੀ ਹੜਤਾਲ ਕਰਕੇ ਤਹਿਸੀਲਾਂ ਦਾ ਕੰਮ ਠੱਪ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਲੋਕਾਂ ਨੂੰ ਵਿਭਾਗ ਦੇ ਕੰਮਾਂ ਨਾਲ ਸੰਬੰਧਿਤ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰੰਤੂ ਸਰਕਾਰ ਦੇ ਕੰਨਾਂ ‘ਤੇ ਜੂੰਅ ਤੱਕ ਨਹੀਂ ਸਰਕਦੀ। ਸਰਕਾਰ ਨਾ ਤਾਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੰਗਾਂ ਦਾ ਕੋਈ ਹੱਲ ਕਰਦੀ ਹੈ ਤੇ ਨਾ ਹੀ ਇਹਨਾਂ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਵਾਰ-ਵਾਰ ਹੜ੍ਹਤਾਲ ਬਾਰੇ ਕੋਈ ਪੱਕਾ ਫੈਸਲਾ ਹੀ ਲੈਂਦੀ ਹੈ। ਹੁਣ ਫੇਰ ਮਾਲ ਵਿਭਾਗ ਦੇ ਅਧਿਕਾਰੀਆਂ ਨੇ 14 ਜਨਵਰੀ ਤੋਂ ਹੜ੍ਹਤਾਲ ‘ਤੇ ਜਾਣ ਦਾ ਐਲਾਨ ਕਰ ਦਿੱਤਾ। ਪੰਜਾਬ ਮਾਲੀਆ ਅਫ਼ਸਰ ਐਸੋਸੀਏਸ਼ਨ ਦੀ ਅਗਵਾਈ ਹੇਠ ਮਾਲ ਅਧਿਕਾਰੀ 14 ਜਨਵਰੀ ਤੋਂ ਹੜ੍ਹਤਾਲ ‘ਤੇ ਜਾ ਰਹੇ ਹਨ, ਜਿਸ ਕਾਰਨ ਤਹਿਸੀਲਾਂ ਵਿੱਚ ਕੰਮ ਠੱਪ ਹੋ ਜਾਵੇਗਾ। ਯੂਨੀਅਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਇਹ ਕਦਮ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਸਰਕਾਰ ਦੀ ਲਾਪਰਵਾਹੀ ਤੇ ਉਨ੍ਹਾਂ ਦੀ ਕਥਿਤ ਗੈਰ-ਕਾਨੂੰਨੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਨੇ ਮੇਰੇ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ ਤੇ ਮੈਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ,ਮੈਂ ਇਸ ਵਿਰੁੱਧ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ। ਸਰਕਾਰ ਨੇ ਜਾਂਚ ਦਾ ਐਲਾਨ ਕੀਤਾ ਸੀ, ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਇਹ ਜਾਂਚ ਜਲਦੀ ਪੂਰੀ ਕੀਤੀ ਜਾਵੇ ਤੇ ਮੇਰੇ ਵਿਰੁੱਧ ਦਰਜ ਐਫਆਈਆਰ ਰੱਦ ਕੀਤੀ ਜਾਵੇ। ਦੱਸ ਦੇਈਏ ਕਿ ਸੂਬਾ ਪ੍ਰਧਾਨ ਚੰਨੀ ਨੂੰ ਤਪਾ ਤਹਿਸੀਲ ਵਿੱਚੋਂ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਰਿਸ਼ਵਤ ਦੇ ਮਾਮਲੇ ‘ਚ ਕਾਬੂ ਕੀਤਾ ਸੀ। ਪ੍ਰਧਾਨ ਚੰਨੀ ਨੇ ਕਿਹਾ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਅਤੇ ਹੋਰ ਸਮੱਸਿਆਵਾਂ ਵੱਲ ਤਿਆਰ ਨਹੀਂ ਦੇ ਰਹੀ ਜਿਸ ਕਰਕੇ 14 ਜਨਵਰੀ ਤੋਂ ਹੜ੍ਹਤਾਲ ਕੀਤੀ ਜਾਵੇਗੀ।