ਚੰਡੀਗੜ੍ਹ,12 ਜਨਵਰੀ, Gee98 news service
-ਪੰਜਾਬ ‘ਚ ਖ਼ੂੰਖ਼ਾਰ ਅਵਾਰਾ ਕੁੱਤਿਆਂ ਦੇ ਕਹਿਰ ਦੀਆਂ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਇਸ ਦੇ ਬਾਵਜੂਦ ਵੀ ਸਰਕਾਰ ਵੱਲੋਂ ਇਹਨਾਂ ਕੁੱਤਿਆਂ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ। ਬੱਚਿਆਂ ਤੇ ਬਜ਼ੁਰਗਾਂ ਨੂੰ ਇਹਨਾਂ ਅਵਾਰਾ ਕੁੱਤਿਆਂ ਵੱਲੋਂ ਨੋਚ ਨੋਚ ਕੇ ਖਾਧਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਜਿਹੀ ਇੱਕ ਦੁੱਖਦਾਈ ਘਟਨਾ ਲੁਧਿਆਣਾ ਦੇ ਮੁੱਲਾਂਪੁਰ ਦੇ ਨਜ਼ਦੀਕ ਪਿੰਡ ਹਸਨਪੁਰ ਦੇ ਵਿੱਚ ਵਾਪਰੀ ਜਿੱਥੇ ਖੇਤਾਂ ਵਿੱਚ ਰਹਿੰਦੇ ਇੱਕ ਪਰਿਵਾਰ ਦੇ 11 ਸਾਲਾਂ ਬੱਚੇ ਨੂੰ ਖੂੰਖਾਰ ਕੁੱਤਿਆਂ ਨੇ ਨੋਚ ਨੋਚ ਖਾ ਲਿਆ, ਸਿੱਟੇ ਵਜੋਂ ਬੱਚੇ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਰੋਸ ਵਜੋਂ ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ‘ਤੇ ਧਰਨਾ ਲਾ ਕੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਇੱਕ ਪਰਵਾਸੀ ਪਰਿਵਾਰ ਦੇ ਬੱਚੇ ਨੂੰ ਵੀ ਕੁੱਤਿਆਂ ਨੇ ਨੋਚ-ਨੋਚ ਖਾਧਾ ਸੀ। ਜਿਸ ਕਾਰਨ ਉਸ ਬੱਚੇ ਦੀ ਵੀ ਮੌਤ ਹੋ ਗਈ ਸੀ। ਇਹ ਪਿੰਡ ਵਿੱਚ ਦੂਜੀ ਘਟਨਾ ਵਾਪਰੀ ਹੈ ਪਰ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ।