ਚੰਡੀਗੜ੍ਹ,12 ਜਨਵਰੀ, Gee98 news service
-ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਇੱਕ ਗੰਭੀਰ ਅਤੇ ਦਿਲ ਦੇ ਦਹਿਲਾ ਦੇਣ ਵਾਲੀ ਘਟਨਾ ਹੈ। ਵਿਧਾਇਕ ਗੋਗੀ ਦੀ ਮੌਤ ਸਿਰਫ਼ ਇੱਕ ਸਿਆਸੀ ਘਟਨਾ ਨਹੀਂ ਹੈ, ਸਗੋਂ ਲੋਕਾਂ ਵਿੱਚ ਪੁਲਿਸ ਕਾਰਵਾਈ, ਵਿਧਾਇਕ ਦੀ ਸੁਰੱਖਿਆ, ਅਤੇ ਪਰਿਵਾਰ ਦੇ ਹਾਲਾਤਾਂ ਨੂੰ ਲੈ ਕੇ ਚਿੰਤਾ ਸਬੰਧੀ ਚਰਚਾ ਹੋ ਰਹੀ ਹੈ। ਇਹ ਮਾਮਲਾ ਅਜੇ ਵੀ ਪੁਲਿਸ ਜਾਂਚ ਹੇਠ ਹੈ ਅਤੇ ਮੌਤ ਦੇ ਸਹੀ ਕਾਰਨ ਬਾਰੇ ਹਾਲੇ ਕੁਝ ਕਹਿਣਾ ਮੁਸ਼ਕਲ ਹੈ ਪਰੰਤੂ ਕੁਝ ਗੱਲਾਂ ਵਿਧਾਇਕ ਦੀ ਮੌਤ ਦੇ ਕਾਰਨਾਂ ਨੂੰ ਸਪੱਸ਼ਟ ਕਰ ਰਹੀਆਂ ਨੇ ਇਸਦੇ ਬਾਵਜੂਦ ਵੀ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਚੁੱਪ ਵੱਟ ਰਹੀ ਹੈ। ਲੋਕ ਇਸ ਮਾਮਲੇ ‘ਚ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕ ਰਹੇ ਹਨ। ਪੁਲਿਸ ਵੱਲੋਂ ਪਰਿਵਾਰਕ ਸੂਤਰਾਂ ਦੀ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਵਿਧਾਇਕ ਗੋਗੀ ਰਾਤ 12 ਵਜੇ ਆਪਣਾ ਅਸਲਾ ਸਾਫ ਕਰ ਰਹੇ ਸਨ ਜਦੋਂਕਿ ਇਹ ਆਪਣੇ ਆਪ ਵਿੱਚ ਹੀ ਇੱਕ ਹਾਸੋਹੀਣੀ ਦਲੀਲ ਹੈ ਕਿ ਰਾਤ ਨੂੰ 12 ਵਜੇ ਅਸਲਾ ਸਾਫ ਕਰਨ ਦਾ ਕਿਹੜਾ ਸਮਾਂ ਹੁੰਦਾ ਹੈ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਵਿਧਾਇਕ ਗੋਗੀ ਨੇ ਰਾਤ ਕਰੀਬ 11 ਵਜੇ ਆਪਣੇ ਪੀਏ ਨਾਲ ਅਗਲੇ ਦਿਨ ਦੇ ਸ਼ਡਿਊਲ ਸਬੰਧੀ ਚਰਚਾ ਕੀਤੀ ਅਤੇ ਜਦੋਂ ਪੀਏ ਆਪਣੇ ਘਰ ਚਲੇ ਗਏ ਤਾਂ ਉਸ ਤੋਂ ਬਾਅਦ ਵਿਧਾਇਕ ਗੋਗੀ ਦਾ ਆਪਣੀ ਪਤਨੀ ਅਤੇ ਪੁੱਤਰ ਨਾਲ ਕੁਝ ਝਗੜਾ ਹੋਇਆ ਜਿਸ ਤੋਂ ਬਾਅਦ ਗੋਗੀ ਆਪਣੇ ਕਮਰੇ ਵਿੱਚ ਚਲੇ ਗਏ ਤੇ ਇੱਕ ਗੋਲੀ ਚੱਲਣ ਦੀ ਆਵਾਜ਼ ਆਈ। ਰਿਪੋਰਟ ਅਨੁਸਾਰ ਵਿਧਾਇਕ ਗੋਗੀ ਦੇ ਸਿਰ ਦੇ ਸੱਜੇ ਪਾਸੇ ਗੋਲੀ ਲੱਗੀ ਜੋ ਖੱਬੇ ਪਾਸੇ ਨਿਕਲ ਗਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਗੋਲੀ ਲੱਗਣ ਨਾਲ ਆਤਮ ਹੱਤਿਆ ਦੇ ਮਾਮਲਿਆਂ ਵਿੱਚ ਬਹੁਤੇ ਮਾਮਲੇ ਅਜਿਹੇ ਸਾਹਮਣੇ ਆਉਂਦੇ ਹਨ ਜਦੋਂ ਆਤਮਹੱਤਿਆ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਸਿਰ ਦੇ ਸੱਜੇ ਪਾਸੇ ਗੋਲੀ ਮਾਰਦਾ ਹੈ ਕਿਉਂਕਿ ਅਸਲਾ ਸੱਜੇ ਹੱਥ ਨਾਲ ਹੀ ਚਲਾਇਆ ਜਾਂਦਾ ਹੈ। ਵਿਧਾਇਕ ਗੋਗੀ ਦੀ ਮੌਤ ਨਾਲ ਜੁੜੇ ਇੱਕ ਹੋਰ ਪੱਖ ‘ਤੇ ਵੀ ਸ਼ਨਿੱਚਰਵਾਰ ਸਾਰਾ ਦਿਨ ਚਰਚਾ ਹੁੰਦੀ ਰਹੀ ਕਿ ਵਿਧਾਇਕ ਗੋਗੀ ਦੀ ਪਤਨੀ ਦੇ ਕੌਂਸਲਰ ਦੀ ਚੋਣ ਹਾਰ ਜਾਣ ਤੋਂ ਬਾਅਦ ਪਰਿਵਾਰ ਵਿੱਚ ਤਨਾਅ ਦਾ ਮਾਹੌਲ ਸੀ। ਨਗਰ ਨਿਗਮ ਲੁਧਿਆਣਾ ਦੇ ਮੇਅਰ ਦਾ ਅਹੁਦਾ ਔਰਤਾਂ ਲਈ ਰੱਖੇ ਜਾਣ ਤੋਂ ਬਾਅਦ ਇਹ ਤਨਾਅ ਹੋਰ ਵਧਿਆ ਹੋਇਆ ਸੀ। ਵਿਧਾਇਕ ਗੋਗੀ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਗੋਗੀ ਜਜ਼ਬਾਤੀ ਇਨਸਾਨ ਸਨ, ਪਿਛੋਕੜ ਵਿੱਚ ਗੋਗੀ ਵੱਲੋਂ ਲਏ ਗਏ ਕੁਝ ਫੈਸਲੇ ਵੀ ਸਪੱਸ਼ਟ ਕਰਦੇ ਹਨ ਕਿ ਉਹ ਜਜ਼ਬਾਤ ਵਿੱਚ ਵੱਡੇ ਫੈਸਲੇ ਵੀ ਲੈਂਦੇ ਰਹੇ ਹਨ। ਬੁੱਢੇ ਨਾਲੇ ਦੀ ਸਫਾਈ ਨਾਲ ਸੰਬੰਧਿਤ ਨੀਂਹ ਪੱਥਰ ਨੂੰ ਤੋੜਨ ਦੀ ਘਟਨਾ ਕੋਈ ਆਮ ਨਹੀਂ ਹੈ ਜਿਸ ਨਾਲ ਗੋਗੀ ਨੇ ਆਪਣੀ ਹੀ ਸਰਕਾਰ ਨੂੰ ਸਿਆਸੀ ਮੁਸ਼ਕਿਲਾਂ ਵਿੱਚ ਫਸਾ ਦਿੱਤਾ ਸੀ। ਆਪਣੀ ਪਤਨੀ ਦੀ ਕੌਂਸਲਰ ਦੀ ਚੋਣ ਹਾਰ ਜਾਣ ਤੋਂ ਬਾਅਦ ਗੋਗੀ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੱਕ ਨੂੰ ਵੀ ਕਟਹਿਰੇ ਵਿੱਚ ਖੜਾ ਕਰ ਦਿੱਤਾ ਸੀ ਕਿ ਉਹਨਾਂ ਦੀ ਪਤਨੀ ਦੀ ਹਾਰ ਜ਼ਿਲ੍ਹਾ ਪ੍ਰਸ਼ਾਸਨ ਕਰਕੇ ਹੋਈ ਹੈ। ਦੱਸ ਦੇਈਏ ਕਿ ਗੋਗੀ ਖੁਦ ਤਿੰਨ ਵਾਰ ਕਾਂਗਰਸ ਵੱਲੋਂ ਕੌਂਸਲਰ ਰਹੇ ਹਨ ਤੇ ਇੱਕ ਵਾਰ ਉਹਨਾਂ ਦੀ ਪਤਨੀ ਵੀ ਕੌਂਸਲਰ ਜਿੱਤੀ ਸੀ ਅਤੇ ਗੋਗੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਹਨ ਇਸ ਦੇ ਬਾਵਜੂਦ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੋਗੀ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਜਦਕਿ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਵੱਲੋਂ ਉਹਨਾਂ ਦੀ ਟਿਕਟ ਨੂੰ ਕੋਈ ਖਤਰਾ ਨਹੀਂ ਸੀ। ਗੋਗੀ ਦਾ ਇਹ ਵੱਡਾ ਸਿਆਸੀ ਕਦਮ ਵੀ ਉਹਨਾਂ ਦੇ ਜਜ਼ਬਾਤੀ ਗੁਣ ਨੂੰ ਹੀ ਦਰਸਾਉਂਦਾ ਹੈ। ਕੁੱਲ ਮਿਲਾ ਕੇ ਇਹ ਲੱਗਭੱਗ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਵਿਧਾਇਕ ਗੋਗੀ ਨੇ ਕਿਸੇ ਮਸਲੇ ‘ਤੇ ਜਜ਼ਬਾਤੀ ਹੋ ਕੇ ਆਪਣੇ ਹੀ ਅਸਲੇ ਨਾਲ ਆਪਣੇ ਜੀਵਨ ਲੀਲਾ ਖਤਮ ਕੀਤੀ ਪ੍ਰੰਤੂ ਪੁਲਿਸ ਵਿਧਾਇਕ ਦੀ ਮੌਤ ਨਾਲ ਜੁੜੀ ਸੱਚਾਈ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹਾ ਸ਼ਾਇਦ ਇਸ ਕਰਕੇ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਘਟਨਾ ਸਾਫ ਦਰਸਾਉਂਦੀ ਹੈ ਕਿ ਵੱਡੇ ਸਿਆਸੀ ਘਰਾਣਿਆਂ ਵਿੱਚ ਵੀ “ਸਭ ਅੱਛਾ ਨਹੀਂ” ਹੁੰਦਾ ਜਾਂ ਫਿਰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਵੱਡੇ ਘਰਾਣਿਆਂ ਦੀ ਇੱਜ਼ਤ ਆਮ ਲੋਕਾਂ ਦੀ ਇੱਜ਼ਤ ਨਾਲੋਂ ਕੁਝ ਵੱਖਰੀ ਹੁੰਦੀ ਹੈ ਜਦਕਿ ਪੁਲਿਸ ਕਿਸੇ ਆਮ ਪਰਿਵਾਰ ਦੇ ਮੈਂਬਰ ਵੱਲੋਂ ਕੀਤੀ ਆਤਮ ਹੱਤਿਆ ਸਬੰਧੀ ਲਾਸ਼ ਚੁੱਕਣ ਤੋਂ ਪਹਿਲਾਂ ਹੀ ਆਪਣੀ ਸਟੇਟਮੈਂਟ ਦੇ ਦਿੰਦੀ ਹੈ, ਪ੍ਰੰਤੂ ਵਿਧਾਇਕ ਗੋਗੀ ਦੀ ਮੌਤ ਦੇ ਮਾਮਲੇ ‘ਚ ਪੁਲਿਸ ਵੱਲੋਂ ਗੋਲਮੋਲ ਸਟੇਟਮੈਂਟ ਦਿੱਤੀ ਜਾ ਰਹੀ ਹੈ ਜਦਕਿ ਇਹ ਸਪੱਸ਼ਟ ਹੈ ਕਿ ਜਿਸ ਵੇਲੇ ਵਿਧਾਇਕ ਗੋਗੀ ਦੇ ਘਰ ਵਿੱਚ ਗੋਲੀ ਲੱਗਣ ਨਾਲ ਵਿਧਾਇਕ ਦੀ ਮੌਤ ਹੋਈ ਉਸ ਵੇਲੇ ਕੁਝ ਸੁਰੱਖਿਆ ਕਰਮੀਆ ਤੋਂ ਇਲਾਵਾ ਗੋਗੀ ਦੇ ਪਰਿਵਾਰਿਕ ਮੈਂਬਰ ਹੀ ਘਰ ਵਿੱਚ ਮੌਜੂਦ ਸਨ।