ਬਰਨਾਲਾ, 05 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਸ੍ਰੀ ਕੁਮਾਰ ਸੌਰਭ ਰਾਜ ਆਈਏਐਸ ਨੇ ਰਸਮੀ ਤੌਰ ’ਤੇ ਬਤੌਰ ਡਿਪਟੀ ਕਮਿਸ਼ਨਰ ਅਹੁਦਾ ਸੰਭਾਲ ਲਿਆ ਹੈ। ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਦਾ ਪਿਛੋਕੜ ਰੱਖਣ ਵਾਲੇ ਸ੍ਰੀ ਕੁਮਾਰ ਸੌਰਭ ਰਾਜ ਨੇ ਆਪਣੇ ਪਹਿਲੇ ਹੀ ਦਿਨ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਫ਼ਸਰਾਂ ਨਾਲ ਮੀਟਿੰਗਾਂ ਕਰਕੇ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਪ੍ਰੈਸ ਦੇ ਰੂ-ਬ-ਰੂ- ਹੁੰਦੇ ਹੋਏ ਡਿਪਟੀ ਕਮਿਸ਼ਨਰ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਹੋਏ ਆਪਣੇ ਤਜ਼ਰਬੇ ਸਾਂਝੇ ਕੀਤੇ। ਬਰਨਾਲਾ ਜ਼ਿਲ੍ਹੇ ’ਚ ਬਤੌਰ ਡਿਪਟੀ ਕਮਿਸ਼ਨਰ ਆਪਣੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਸ੍ਰੀ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਜ਼ਿਲ੍ਹੇ ਦੀਆਂ ਪੰਚਾਇਤਾਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਰਥਿਕ ਯਤਨ ਕੀਤੇ ਜਾਣਗੇ। ਉਨਾਂ ਕਿਹਾ ਕਿ ਪ੍ਰਸ਼ਾਸਨਿਕ ਜਬਰਦਸਤੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ, ਬਹੁਤੇ ਮਸਲੇ ਪਿਆਰ ਨਾਲ ਹੀ ਹੱਲ ਹੋ ਜਾਂਦੇ ਹਨ। ਪੱਤਰਕਾਰਾਂ ਵੱਲੋਂ ਬਰਨਾਲਾ ਜ਼ਿਲੇ ’ਚ ਮਾਲ ਵਿਭਾਗ ਵਿੱਚ ਫੈਲੇ ਕੁਰੱਪਸ਼ਨ ਸੰਬੰਧੀ ਗੱਲ ਕਰਨ ’ਤੇ ਡਿਪਟੀ ਕਮਿਸ਼ਨਰ ਨੇ ਇੱਕ ਪ੍ਰਸ਼ਾਸਨਿਕ ਅਫ਼ਸਰ ਦੇ ਨਜ਼ਰੀਏ ਤੋਂ ਅੱਗੇ ਵਧ ਕੇ ਜਵਾਬ ਦਿੰਦੇ ਹੋਏ ਕਿਹਾ ਕਿ ਕੁਰੱਪਸ਼ਨ ਦੀ ਸਮੱਸਿਆ ਨੂੰ ਸਮਾਜ ਦੇ ਸਹਿਯੋਗ ਤੋਂ ਬਿਨਾਂ ਹੱਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸਮੱਸਿਆ ਸਿੱਧੇ ਤੌਰ ’ਤੇ ਸਮਾਜ ਨਾਲ ਜੁੜੀ ਹੋਈ ਹੈ ਭਾਵ ਕਿ ਰਿਸ਼ਵਤ ਲੈਣ ਵਾਲੇ ਕਰਮਚਾਰੀ ਵੀ ਸਮਾਜ ਦਾ ਹੀ ਹਿੱਸਾ ਹਨ। ਪੱਤਰਕਾਰਾਂ ਵੱਲੋਂ ਧਿਆਨ ਵਿੱਚ ਲਿਆਂਦੀਆਂ ਸਮੱਸਿਆਵਾਂ ਵੱਲ ਉਨਾਂ ਕਿਹਾ ਕਿ ਇੱਕ-ਇੱਕ ਕਰਕੇ ਸਾਰੀਆਂ ਸਮੱਸਿਆਵਾਂ ਦੂਰ ਕਰਨ ਦੇ ਸੁਹਿਰਦ ਯਤਨ ਕੀਤੇ ਜਾਣਗੇ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਦੇਵਦਰਸ਼ਦੀਪ ਸਿੰਘ ਅਤੇ ਸ੍ਰੀਮਤੀ ਜਗਬੀਰ ਕੌਰ ਏਪੀਆਰਓ ਬਰਨਾਲਾ ਵੀ ਹਾਜ਼ਰ ਸਨ।