ਬਰਨਾਲਾ,05 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਐਸ ਡੀ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ (ਲੜਕੇ/ ਲੜਕੀਆਂ) ਮੁਕਾਬਲੇ ਸ਼ੁਰੂ ਹੋ ਗਏ। ਨਾਕ-ਆਊਟ ਕਮ ਲੀਗ ਮੁਕਾਬਲਿਆਂ ਦੇ ਇਹਨਾਂ ਦੋ ਦਿਨੀਂ ਮੁਕਾਬਲਿਆਂ ’ਚ ਯੂਨੀਵਰਸਿਟੀ ਨਾਲ ਸਬੰਧਿਤ 16 ਕਾਲਜਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਮੁਕਾਬਲੇ ਦਾ ਉਦਘਾਟਨ ਐਸ ਡੀ ਕਾਲਜ ਵਿੱਦਿਅਕ ਸੰਸਥਾਵਾਂ ਅਤੇ ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਨੇ ਕੀਤਾ। ਉਹਨਾਂ ਆਪਣੇ ਸੰਬੋਧਨ ਵਿਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਜਿੱਤ ਹਾਰ ਦੀ ਭਾਵਨਾ ਤੋਂ ਉਪਰ ਉੱਠ ਕੇ ਖੇਡ ਭਾਵਨਾ ਦੇ ਪ੍ਰਦਰਸ਼ਨ ਲਈ ਉਤਸ਼ਾਹਿਤ ਕੀਤਾ। ਉਹਨਾਂ ਕਿਹਾ ਕਿ ਖੇਡਾਂ ਨੌਜਵਾਨ ਵਰਗ ਦੇ ਦਿ੍ਰਸ਼ਟੀਕੋਣ ਨੂੰ ਵਿਸਥਾਰ ਦਿੰਦੀਆਂ ਹਨ, ਇਸੇ ਕਰਕੇ ਖੇਡਾਂ ਨੂੰ ਵਿਅਕਤੀ ਦੇ ਸਮੁਚਿਤ ਵਿਕਾਸ ਦਾ ਜ਼ਰੂਰੀ ਤੱਤ ਮੰਨਿਆ ਜਾਣਾ ਚਾਹੀਦਾ ਹੈ। ਖੇਡ ਵਿਭਾਗ ਦੇ ਮੁਖੀ ਡਾ. ਬਹਾਦਰ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਕਰੋਨਾ ਮਹਾਮਾਰੀ ਕਰਕੇ ਕਾਲਜ ਅੰਦਰ ਲਗਭਗ ਦੋ ਵਰਿਆਂ ਤੱਕ ਬੰਦ ਰਹੀਆਂ ਖੇਡ ਗਤੀਵਿਧੀਆਂ ਦੁਬਾਰਾ ਸ਼ੁਰੂ ਹੋਣ ਨਾਲ ਹਰ ਕੋਈ ਪ੍ਰਸੰਨ ਹੈ। ਸਾਡੇ ਵਾਸਤੇ ਹੋਰ ਖੁਸ਼ੀ ਇਸ ਗੱਲ ਦੀ ਵੀ ਹੈ ਕਿ ਇਹਨਾਂ ਮੁਕਾਬਲਿਆਂ ਦਾ ਆਰੰਭ ਇਲਾਕੇ ਦੀ ਪ੍ਰਸਿੱਧ ਹਸਤੀ, ਖੇਡਾਂ ਨਾਲ ਅੰਤਾਂ ਦਾ ਮੋਹ ਕਰਨ ਵਾਲੇ ਸ੍ਰੀ ਸ਼ਰਮਾ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪਧਾਰੇ ਹਨ। ਇਹ ਮੁਕਾਬਲੇ ਡਾ. ਬਹਾਦਰ ਸਿੰਘ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਅਤੇ ਲੈਕ. ਰੁਪਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਹਨ। ਇਸ ਮੌਕੇ ਸੰਸਥਾ ਦੇ ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜੁਆਇੰਟ ਸਕੱਤਰ ਡਾ. ਕਰਨ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਜ਼ਿਲਾ ਟੇਬਲ ਟੈਨਿਸ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਰਾਕੇਸ਼ ਮਦਾਨ, ਸਾਰੀਆਂ ਸੰਸਥਾਵਾਂ ਦੇ ਪਿ੍ਰੰਸੀਪਲ, ਯੂਨੀਵਰਸਿਟੀ ਓਬਜ਼ਰਵਰ ਪਿ੍ਰੰਸਇੰਦਰ ਸਿੰਘ, ਵੱਖ-ਵੱਖ ਟੀਮਾਂ ਦੇ ਕੋਚ, ਖਿਡਾਰੀ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਸਟੇਜ ਸਕੱਤਰ ਦੇ ਫ਼ਰਾਇਜ਼ ਡਾ. ਤਰਸਪਾਲ ਕੌਰ ਨੇ ਅਦਾ ਕੀਤੇ।