ਬਰਨਾਲਾ, 06 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਬਰਨਾਲਾ-ਰਾਏਕੋਟ ਮੁੱਖ ਮਾਰਗ ’ਤੇ ਪਿੰਡ ਸਹਿਜੜਾ ਨਜ਼ਦੀਕ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਹੇਠਾਂ ਆ ਕੇ ਮੋਟਰਸਾਈਕਲ ਸਵਾਰ ਜਗਤਾਰ ਸਿੰਘ (51) ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮਿ੍ਤਕ ਦੇ ਭਰਾ ਜਗਨ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਆਪਣੇ ਖੇਤ ਤੋਂ ਮੋਟਰਸਾਈਕਲ ’ਤੇ ਘਰ ਵਾਪਸ ਆ ਰਿਹਾ ਸੀ, ਤਾਂ ਮੁੱਖ ਮਾਰਗ ’ਤੇ ਬੱਸ ਨੇ ਦਰੜ ਦਿੱਤਾ। ਮਿ੍ਤਕ ਜਗਤਾਰ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਜਗਤਾਰ ਸਿੰਘ ਕਿਸਾਨ ਯੂਨੀਅਨ ਸਿੱਧੂਪੁਰ ਦਾ ਪਿੰਡ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ਸੀ। ਥਾਣਾ ਮਹਿਲ ਕਲਾਂ ਪੁਲਿਸ ਨੇ ਬੱਸ ਡਰਾਈਵਰ ਹਰਜੀਤ ਸਿੰਘ ਖ਼ਿਲਾਫ਼ ਧਾਰਾ 304ਏ ,279,427 ਆਈਪੀਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।