ਚੰਡੀਗੜ, 07 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਵੱਲੋਂ ਟਰਾਂਸਪੋਰਟ ਵਿਭਾਗ ਨਾਲ ਮਿਲ ਕੇ ਨਵੀਆਂ ਵੋਟਾਂ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵੋਟ ਬਨਾਉਣ ਲਈ ਨਿਰਧਾਰਿਤ ਕੀਤੀ 18 ਸਾਲ ਦੀ ਉਮਰ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੋਟ ਬਣਾਉਣ ਲਈ ਉਤਸ਼ਾਹਿਤ ਕਰਨ ਹਿੱਤ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਜਿਹੜੇ ਨੌਜਵਾਨ ਆਪਣਾ ਡਰਾਇਵਿੰਗ ਲਾਈਸੈਂਸ ਬਣਾਉਣ ਲਈ ਟੈਸਟਿੰਗ ਸੈਂਟਰਾਂ ’ਤੇ ਜਾਣਗੇ ਤਾਂ ਉੱਥੇ ਉਹ ਲਾਈਸੈਂਸ ਲਈ ਫੋਟੋ ਕਰਵਾਉਣ ਮੌਕੇ ਆਪਣੀ ਵੋਟ ਬਣਾਉਣ ਲਈ ਵੀ ਰਜਿਸਟਰਡ ਹੋ ਸਕਦੇ ਹਨ। ਵੋਟ ਬਣਾਉਣ ਲਈ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਵੱਲੋਂ ਵੱਖਰਾ ਸਟਾਫ਼ ਨਿਯੁਕਤ ਕੀਤਾ ਗਿਆ ਹੈ।