-ਟੀਮਾਂ ਵੱਲੋਂ ਨਾਕੇ ਲਗਾ ਕੇ ਕੀਤੀ ਜਾ ਰਹੀ ਹੈ ਨਿਗਰਾਨੀ : ਡਿਪਟੀ ਕਮਿਸ਼ਨਰ
ਬਰਨਾਲਾ, 8 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਬਾਹਰਲੇ ਸੂਬਿਆਂ ਤੋਂ ਝੋਨੇ ਦੀ ਅਣ-ਅਧਿਕਾਰਤ ਆਮਦ ਸਖ਼ਤੀ ਨਾਲ ਰੋਕਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਵੱਖ-ਵੱਖ ਥਾਈਂ ਨਾਕਿਆਂ ਰਾਹੀਂ ਬਾਹਰੋਂ ਝੋਨੇ ਦੀ ਆਮਦ ਨਾ ਹੋਣੀ ਯਕੀਨੀ ਬਣਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਰਕੀਟ ਕਮੇਟੀ ਬਰਨਾਲਾ, ਤਪਾ, ਧਨੌਲਾ, ਮਹਿਲ ਕਲਾਂ ਤੇ ਭਦੌੜ ਲਈ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੀ ਅਗਵਾਈ ਵਿਚ ਟੀਮਾਂ ਬਣਾਈਆਂ ਗਈਆਂ ਹਨ, ਜਿਨਾਂ ਵਿੱੱਚ ਪੁਲੀਸ ਮੁਲਾਜ਼ਮ, ਸਹਾਇਕ ਰਾਜ ਟੈਕਸ ਕਮਿਸ਼ਨਰ ਦਫਤਰ ਦੇ ਮੁਲਾਜ਼ਮ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੁਲਾਜ਼ਮ ਤੇ ਮਾਰਕੀਟ ਕਮੇਟੀਆਂ ਤੋਂ ਮੁਲਾਜ਼ਮ ਸ਼ਾਮਲ ਕੀਤੇ ਗਏ ਹਨ, ਜੋ ਵੱਖ ਵੱਖ ਮਾਰਕੀਟ ਕਮੇਟੀਆਂ ਅਧੀਨ ਆਉਦੇ ਆਪਣੇ ਖੇਤਰ ਵਿਚ ਬਾਹਰੋਂ ਝੋਨੇ ਦੀ ਆਮਦ ’ਤੇ ਨਿਗਾ ਰੱਖਣਗੇ।
ਉਨਾਂ ਦੱਸਿਆ ਕਿ ਇਹ ਟੀਮਾਂ ਮੰਡੀਆਂ ਦੀ ਚੈਕਿੰਗ ਦੇ ਨਾਲ ਨਾਲ ਬਾਹਰੋਂ ਆਉਦਾ ਝੋਨਾ ਰੋਕਣ ਲਈ ਨਾਕੇ ਲਗਾ ਰਹੀਆਂ ਹਨ। ਉਨਾਂ ਕਿਹਾ ਕਿ ਜੇਕਰ ਬਾਹਰਲੇ ਰਾਜ ਤੋਂ ਆਉਦਾ ਅਣ-ਅਧਿਕਾਰਤ ਝੋਨਾ ਫੜਿਆ ਜਾਂਦਾ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਚਹੁੰਪੱਖੀ ਨਿਗਰਾਨੀ ਅਤੇ ਸੁਖਾਵੇਂ ਖਰੀਦ ਪ੍ਰਬੰਧਾਂ ਲਈ ਜ਼ਿਲਾ ਪੱਧਰੀ ਟੀਮ ਵੀ ਬਣਾਈ ਗਈ ਹੈ, ਜਿਸ ਵਿਚ ਜ਼ਿਲਾ ਕੰਟਰੋਲਰ, ਖੁਰਾਕ ਤੇ ਸਿਵਲ ਸਪਲਾਈਜ਼, ਜ਼ਿਲਾ ਮੰਡੀ ਅਫਸਰ, ਜ਼ਿਲਾ ਮੈਨੇਜਰ ਮਾਰਕਫੈਡ, ਜ਼ਿਲਾ ਮੈਨੇਜਰ ਪਨਸਪ ਤੇ ਜ਼ਿਲਾ ਮੈਨੇਜਰ ਵੇਅਰਹਾਊਸ ਨੂੰ ਸ਼ਾਮਲ ਕੀਤਾ ਗਿਆ ਹੈ।