ਬਰਨਾਲਾ,08 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਇੱਕ ਪਾਸੇ ਕੇਵਲ ਸਿੰਘ ਢਿੱਲੋਂ ਅਗਲੀਆਂ ਵਿਧਾਨ ਸਭਾ ਚੋਣਾ ’ਚ ਜਿੱਤ ਪ੍ਰਾਪਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਪਰ ਦੂਜੇ ਪਾਸੇ ਢਿੱਲੋਂ ਦੇ ਕੁਝ ਖਾਸਮ-ਖਾਸ ਚੇਲੇ ਹੀ ਉਸ ਦੀ ਸਿਆਸੀ ਬੇੜੀ ’ਚ ਵੱਟੇ ਪਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਮਾਮਲਾ ਜ਼ਿਲਾ ਪ੍ਰੀਸ਼ਦ ਨਾਲ ਸੰਬੰਧਿਤ ਹੈ ਜਿਸ ਦੇ ਕੁਝ ਮੈਂਬਰਾਂ ਨੇ ਚੇਅਰਪਰਸਨ ਦੇ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਢਿੱਲੋਂ ਦੀ ਟੀਮ ਵੱਲੋਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਨਾਲ ਲਿਆਉਣ ਲਈ ਹਰ ਹੀਲਾ-ਵਸੀਲਾ ਵਰਤਿਆ ਜਾ ਰਿਹਾ ਹੈ ਪ੍ਰੰਤੂ ਢਿੱਲੋਂ ਦੀਆਂ ਆਪਣੀਆਂ ਸੱਜੀਆਂ-ਖੱਬੀਆਂ ਬਾਹਵਾਂ ਆਪਣਿਆਂ ਨੂੰ ਹੀ ਤੋੜਨ ਦਾ ਕੰਮ ਕਰ ਰਹੀਆਂ ਹਨ। ਜ਼ਿਲਾ ਪ੍ਰੀਸ਼ਦ ਦੀ ਚੇਅਰਪਰਸਨ ਦੇ ਖ਼ਿਲਾਫ਼ ਬਗਾਵਤ ਕਰਨ ਵਾਲੇ ਉਪ ਚੇਅਰਪਰਸਨ ਮਨਜੀਤ ਕੌਰ, ਜ਼ਿਲਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਝਲੂਰ,ਅਮਰਜੀਤ ਸਿੰਘ ਮਹਿਲ ਕਲਾਂ,ਕੁਲਦੀਪ ਸਿੰਘ ਧਾਲੀਵਾਲ, ਲੱਕੀ ਸਟਾਰ, ਰੂਪ ਸਿੰਘ ਪੱਖੋਕੇ ਤੇ ਹਰਦੇਵ ਸਿੰਘ ਠੀਕਰੀਵਾਲ ਨੇ ਸੰਬੰਧਿਤ ਮੰਤਰੀ, ਡਾਇਰੈਕਟਰ ਤੇ ਡਿਪਟੀ ਕਮਿਸ਼ਨਰ ਨੂੰ ਚੇਅਰਪਰਸਨ ਖ਼ਿਲਾਫ਼ ਸ਼ਿਕਾਇਤ ਪੱਤਰ ਦੇਣ ਦਾ ਫ਼ੈਸਲਾ ਕੀਤਾ ਅਤੇ ਚੇਅਰਪਰਸਨ ਸਰਬਜੀਤ ਕੌਰ ਖੁੱਡੀ ਨੂੰ ਹਟਾ ਕੇ ਦੁਬਾਰਾ ਚੋਣ ਕਰਵਾਏ ਜਾਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਚੇਅਰਪਰਸਨ ਸਰਬਜੀਤ ਕੌਰ ਖੁੱਡੀ ਨੇ ਕਿਹਾ ਕਿ ‘‘ਉਸ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਵਿਰੋਧ ਕਰਨ ਵਾਲੇ ਮੈਂਬਰ ਮੀਟਿੰਗਾਂ ਵਿੱਚ ਅਕਸਰ ਲੇਟ ਆਉੱਦੇ ਹਨ, ਜੇ ਕਿਸੇ ਮੀਟਿੰਗ ’ਚ ਕੋਈ ਮੈਂਬਰ ਕੁਝ ਮਿੰਟ ਪਹਿਲਾਂ ਆ ਜਾਵੇ ਜਾਂ ਕੁਝ ਮਿੰਟ ਲੇਟ ਹੋ ਜਾਵੇ ਤਾਂ ਇਹ ਕੋਈ ਮੁੱਦਾ ਨਹੀਂ ਹੈ ਜਿਸ ਉੱਪਰ ਕੁਝ ਮੈਂਬਰ ਵਿਰੋਧ ਕਰ ਰਹੇ ਹਨ’’। ਚੇਅਰਪਰਸਨ ਅਤੇ ਉਕਤ ਮੈਂਬਰਾਂ ਵਿਚਕਾਰ ਵਿਵਾਦ ਦਾ ਤਾਜ਼ਾ ਕਾਰਨ ਹੈ ਕਿ 8 ਅਕਤੂਬਰ ਨੂੰ ਜ਼ਿਲਾ ਪ੍ਰੀਸ਼ਦ ਦੀ ਮੀਟਿੰਗ ਸਵੇਰੇ 11 ਵਜੇ ਬੁਲਾਈ ਗਈ ਸੀ ਜਿਸ ਵਿੱਚ ਚੇਅਰਪਰਸਨ ਸਮੇਤ 6 ਮੈਂਬਰ ਸਮੇਂ ਤੋਂ ਪਹਿਲਾਂ ਪੁੱਜ ਗਏ ਅਤੇ ਉਨਾਂ ਨੇ ਮੀਟਿੰਗ ਦੀ ਕਾਰਵਾਈ ਨਿਬੇੜ ਦਿੱਤੀ ਅਤੇ ਇੱਕ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਚਲੇ ਗਏ ਦੂਜੇ ਪਾਸੇ ਵਿਰੋਧ ਕਰ ਰਹੇ ਮੈਂਬਰ ਦਿੱਤੇ ਸਮੇਂ ’ਤੇ ਪੁੱਜੇ ਅਤੇ ਦਫ਼ਤਰ ਬੈਠ ਗਏ ਪ੍ਰੰਤੂ ਜਦ ਕੁਝ ਮਿੰਟਾਂ ਬਾਅਦ ਹੀ ਚੇਅਰਪਰਸਨ ਅਤੇ ਬਾਕੀ ਉਸ ਦੇ ਨਾਲ ਪੰਜ ਮੈਂਬਰ ਦਫ਼ਤਰ ਆਏ ਤਾਂ ਵਿਰੋਧ ਕਰਨ ਵਾਲੇ ਮੈਂਬਰਾਂ ਨੇ ਕੋਈ ਗੱਲ ਨਹੀਂ ਕੀਤੀ ਸਗੋਂ ਉਕਤ 7 ਮੈਂਬਰ ਦਫ਼ਤਰ ’ਚੋਂ ਉਠ ਕੇ ਬਾਹਰ ਚਲੇ ਗਏ। ਇਹ ਗੱਲ ਭਾਵੇਂ ਸਪੱਸ਼ਟ ਹੈ ਕਿ ਜਦੋਂ ਤੱਕ ਢਿੱਲੋਂ ਦਾ ਹੱਥ ਮੌਜੂਦਾ ਚੇਅਰਪਰਸਨ ਦੇ ਸਿਰ ’ਤੇ ਹੈ, ਉਦੋਂ ਤੱਕ ਕੁਝ ਮੈਂਬਰਾਂ ਵੱਲੋਂ ਉਸ ਨੂੰ ਬਦਲਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ, ਢਿੱਲੋਂ ਪ੍ਰਤੀ ਵਫਾਦਾਰੀ ਨੂੰ ਸ਼ੱਕੀ ਕਰਦਾ ਹੈ।