ਬਰਨਾਲਾ, 08 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਪ੍ਰਧਾਨਗੀ ਹੇਠ ਮੰਡੀ ਗੋਬਿੰਦਗੜ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਯੂ ਪੀ ਦੇ ਲਖੀਮਪੁਰ ਖੀਰੀ ਵਿੱਚ ਅਤੇ ਸੰਯੁਕਤ ਕਿਸਾਨ ਮੋਰਚਾ ਵਿੱਚ ਹੁਣ ਤੱਕ ਸ਼ਹੀਦ ਹੋਏ ਕਿਸਾਨਾਂ – ਮਜਦੂਰਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਯੂਪੀ ਕਤਲ ਕਾਂਡ ਦੇ ਸਬੰਧਤ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਣ ਦੀ ਪੁਰਜੋਰ ਮੰਗ ਕੀਤੀ ਗਈ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ 23 ਅਕਤੂਬਰ ਨੂੰ ਪੰਜਾਬ ‘ਚ ਕਾਂਗਰਸ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾ ਮੌਕੇ ਕਾਂਗਰਸ ਨੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਪਿੰਡਾਂ ਵਿੱਚ ਕੰਮ ਕਰਦੇੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਪਹਿਲ ਦੇ ਆਧਾਰ ’ਤੇ ਕੀਤਾ ਹੱਲ ਜਾਵੇਗਾ, ਪ੍ਰੰਤੂ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਉਨਾਂ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਟਕੜ ਕਲਾਂ ਵਿਖੇ ਵਿਸ਼ਵਾਸ ਦਿਵਾਇਆ ਸੀ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਸੰਬੰਧੀ ਜਲਦੀ ਮੀਟਿੰਗ ਕੀਤੀ ਜਾਵੇਗੀ ਪ੍ਰੰਤੂ ਅਜੇ ਤੱਕ ਮੀਟਿੰਗ ਲਈ ਮੁੱਖ ਮੰਤਰੀ ਦਾ ਸੱਦਾ ਨਹੀਂ ਆਇਆ। ਜਿਸ ਕਰਕੇ ਮੈਡੀਕਲ ਪ੍ਰੈਕਟੀਸ਼ਨਰਾਂ ਵਿੱਚ ਰੋਸ ਪਾਇਆ ਜਾਂ ਰਿਹਾ ਹੈ, ਇਸ ਲਈ 23 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ, ਡਾ ਮਾਘ ਸਿੰਘ ਮਾਣਕੀ ਸੰਗਰੂਰ, ਡਾ ਰਾਜੇਸ ਸਰਮਾ ਲੁਧਿਆਣਾ, ਡਾ ਠਾਕੁਰਜੀਤ ਸਿੰਘ ਮੁਹਾਲੀ, ਡਾ ਮਹਿੰਦਰ ਸਿੰਘ ਗਿੱਲ ਮੋਗਾ, ਡਾ ਧਰਮਪਾਲ ਸਿੰਘ ਭਵਾਨੀਗੜ ਸੰਗਰੂਰ, ਡਾ ਬਲਕਾਰ ਸਿੰਘ ਸ਼ੇਰਗਿੱਲ ਪਟਿਆਲਾ, ਡਾ ਦੀਦਾਰ ਸਿੰਘ ਮੁਕਤਸਰ ਸਾਹਿਬ, ਡਾ ਰਿੰਕੂ ਕੁਮਾਰ ਫਤਿਹਗਡ ਸਾਹਿਬ, ਡਾ ਗੁਰਚਰਨ ਸਿੰਘ, ਡਾ ਸਤਨਾਮ ਸਿੰਘ ਦੇਉ ਤਰਨਤਾਰਨ , ਡਾ ਜੋਗਿੰਦਰ ਸਿੰਘ ਸੰਧੂ, ਗੁਰਮੁੱਖ ਸਿੰਘ ਮੁਹਾਲੀ ਆਦਿ ਵੀ ਹਾਜ਼ਰ ਸਨ।