ਬਰਨਾਲਾ 9 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਰਗਰਮੀ ਚਰਚਾ ਵਿੱਚ ਹੈ। ਟੈਕਸ ਚੋਰੀ ਕਰਨ ਵਾਲੇ ਵੱਡੇ ਟਰਾਂਸਪੋਰਟਰਾਂ ‘ਤੇ ਸ਼ਿਕੰਜਾ ਕੱਸਣ ਦੇ ਨਾਲ-ਨਾਲ ਰਾਜਾ ਵੜਿੰਗ ਨੇ ਵਿਭਾਗੀ ਸੁਧਾਰਾਂ ਸਬੰਧੀ ਵੀ ਯਤਨ ਸ਼ੁਰੂ ਕੀਤੇ ਹਨ। ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਉਪਰ ਮੰਤਰੀ ਜੀ ਧਿਆਨ ਦੇ ਰਹੇ ਹਨ। ਬਰਨਾਲਾ ਜ਼ਿਲ੍ਹੇ ਕਸਬਾ ਸ਼ਹਿਣਾ ਦੇ ਵਸਨੀਕ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਗੁਰਦੀਪ ਦਾਸ ਦੀ ਸ਼ਿਕਾਇਤ ਉਪਰ ਮੰਤਰੀ ਜੀ ਨੇ ਤੁਰੰਤ ਐਕਸ਼ਨ ਲਿਆ। ਵੇਰਵੇ ਅਨੁਸਾਰ ਗੁਰਦੀਪ ਦਾਸ ਨੇ ਮੰਤਰੀ ਜੀ ਨੂੰ ਸ਼ਿਕਾਇਤ ਕੀਤੀ ਸੀ ਕਿ ਫ਼ਰੀਦਕੋਟ ਡਿਪੂ ਦੀਆਂ ਬੱਸਾਂ ਕੁੱਝ ਡਰਾੲੀਵਰਾਂ ਵੱਲੋਂ ਸ਼ਹਿਣਾ ਦੇ ਬੱਸ ਅੱਡੇ ‘ਤੇ ਜਾਣ ਬੁੱਝ ਕੇ ਨਹੀਂ ਰੋਕੀਆਂ ਜਾਂਦੀਆਂ, ਜਦਕਿ ਅੱਡੇ ਉੱਪਰ ਕਾਫ਼ੀ ਸਵਾਰੀਆਂ ਖੜ੍ਹੀਆਂ ਹੁੰਦੀਆਂ ਹਨ । ਲੰਘੀ 8 ਅਕਤੂਬਰ ਨੂੰ ਵੀ ਅਜਿਹੀ ਘਟਨਾ ਵਾਪਰੀ ਜਦ ਸ਼ਾਮ ਦੇ ਸਾਢੇ ਕੁ ਚਾਰ ਵਜੇ ਸ਼ਹਿਣਾ ਬੱਸ ਅੱਡੇ ਉੱਪਰ ਕਾਫ਼ੀ ਸਵਾਰੀਆਂ ਖਡ਼੍ਹੀਆਂ ਸਨ ਪ੍ਰੰਤੂ ਪੀਆਰਟੀਸੀ ਦੀ ਬੱਸ ਨਹੀਂ ਰੁਕੀ,ਜਿਸ ਦੀ ਸ਼ਿਕਾਇਤ ਗੁਰਦੀਪ ਦਾਸ ਬਾਵਾ ਨੇ ਟਰਾਂਸਪੋਰਟ ਮੰਤਰੀ ਨੂੰ ਕੀਤੀ। ਜਿਸ ਤੋਂ ਬਾਅਦ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਫਰੀਦਕੋਟ ਡਿਪੂ ਦੇ ਜਨਰਲ ਮੈਨੇਜਰ ਨੂੰ ਸ਼ਹਿਣਾ ਦੇ ਬੱਸ ਅੱਡੇ ‘ਤੇ ਬੱਸ ਨਾ ਰੋਕਣ ਵਾਲੇ ਡਰਾਇਵਰ ਦਾ ਪਤਾ ਲਗਾ ਕੇ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ। ਡਿਪੂ ਮੈਨੇਜਰ ਨੇ ਮਾਮਲੇ ਦੀ ਪੜਤਾਲ ਕਰਕੇ ਬੱਸ ਨੰਬਰ 2919 ਦੇ ਡਰਾਈਵਰ ਬਲਜੀਤ ਸਿੰਘ ਅਤੇ ਕੰਡਕਟਰ ਮਨਪ੍ਰੀਤ ਸਿੰਘ ਨੂੰ ਮਹਿਕਮੇ ਦਾ ਮਾਲੀ ਨੁਕਸਾਨ ਕਰਨ ਅਤੇ ਪਬਲਿਕ ਵਿੱਚ ਪੀਆਰਟੀਸੀ ਦਾ ਅਕਸ ਖਰਾਬ ਕਰਨ ਬਦਲੇ 700-700 ਦੀ ਰਿਕਵਰੀ ਪਾ ਦਿੱਤੀ। ਡਿਪੂ ਮੈਨੇਜਰ ਨੇ ਸ਼ਿਕਾਇਤਕਰਤਾ ਗੁਰਦੀਪ ਦਾਸ ਨਾਲ ਸੰਪਰਕ ਕਰਕੇ ਉਕਤ ਮਾਮਲੇ ਦੀ ਨਿੱਜੀ ਤੌਰ ‘ਤੇ ਜਾਣਕਾਰੀ ਦਿੱਤੀ ਅਤੇ ਭਰੋਸਾ ਦਿੱਤਾ ਕਿ ਅੱਗੇ ਤੋਂ ਫਰੀਦਕੋਟ ਡਿਪੂ ਦੀਆਂ ਬੱਸਾਂ ਸ਼ਹਿਣਾ ਦੇ ਬੱਸ ਅੱਡੇ ‘ਤੇ ਰੋਕੀਆਂ ਜਾਣਗੀਆਂ। ਟਰਾਂਸਪੋਰਟ ਮੰਤਰੀ ਵੱਲੋਂ ਆਮ ਲੋਕਾਂ ਦੀ ਸ਼ਿਕਾਇਤ ਉਪਰ ਤੁਰੰਤ ਕਾਰਵਾਈ ਕੀਤੇ ਜਾਣ ਦੀ ਖੂਬ ਚਰਚਾ ਹੋ ਰਹੀ ਹੈ।