*ਬੋਲ ਪੰਡੋਰੀ ਦੇ…ਹੁਣ ਤਾਂ ਕੋਕੋ ਦੇ ਬੱਚੇ ਵੀ ਕੋਕੋ ਵਰਗੇ ਨਹੀਂ….!
-ਜਦੋਂ ਮੈਂ ਨਿੱਕਾ ਹੁੰਦਾ ਸੀ ਤਾਂ ਕੋਕੋ ਮੇਰੀਆਂ ਬਹੁਤ ਸਾਰੀਆਂ ਚੀਜ਼ਾਂ ਚੁੱਕ ਕੇ ਲੈ ਗਈ…ਸੋਡੇ ਵਿੱਚੋਂ ਵੀ ਬਹੁਤਿਆਂ ਦੀਆਂ ਚੀਜ਼ਾਂ ਕੋਕੋ ਲੈ ਕੇ ਗਈ ਹੋਵੇਗੀ..ਜਦੋਂ ਕਿਸੇ ਚੀਜ਼ ਨੂੰ ਲੈਣ ਦੀ ਹਿੰਡ ਕਰਨੀ ਤਾਂ ਮਾਂ ਨੇ ਕਹਿਣਾ…ਉਹ ਤਾਂ ਕੋਕੋ ਲੈ ਗਈ…ਬਚਪਨਾ ਹੁੰਦਾ ਸੀ, ਚੁੱਪ ਕਰ ਜਾਂਦੇ ਸੀ ਕਿਉਂਕਿ ਪਤਾ ਤਾਂ ਹੁੰਦਾ ਨਹੀਂ ਸੀ ਕਿ ਕੋਕੋ ਹੈ ਕਿੱਥੇ ਤੇ ਰਹਿੰਦੀ ਕਿੱਥੇ ਆਂ.. ਇਹ ਕੋਕੋ ਸਾਲੀ ਪਤਾ ਨਹੀਂ ਕਿਹੋ ਜਿਹਾ ਡਾਕੂ ਆਂ,ਜਿਹੜੀ ਚੀਜ਼ ਲੈ ਜਾਂਦੀ ਤੇ ਮੁੜ ਕੇ ਨਹੀਂ ਦਿੰਦੀ…ਹੁਣ ਜਦੋਂ ਬੱਚਾ ਕਿਸੇ ਚੀਜ਼ ਦੇ ਖਹਿੜੇ ਪੈ ਜਾਵੇ ਤਾਂ ਮਾਂ ਜਵਾਬ ਦੇਵੇ ਕਿ ਉਹ ਤਾਂ ਤੇਰੇ ਵੱਡੇ ਭੈਣ-ਭਰਾ ਕੋਲੇ ਆਂ ਜਾਂ ਕਿਤੇ ਹੋਰ ਪਈ ਆਂ…ਤਾਂ ਬੱਚਾ ਕਦੇ ਵੀ ਚੁੱਪ ਨਾ ਹੋਵੇ..ਖਹਿੜੇ ਪੈ ਜਾਵੇ,ਉਹਦੇ ਤੋਂ ਮੈਨੂੰ ਲੈ ਕੇ ਦੇਵੋ ਮੈਂ ਤਾਂ ਲੈਣੀ ਆਂ ਚੀਜ਼..ਇਸੇ ਕਰਕੇ ਮਾਵਾਂ ਕੋਕੋ ਰੂਪੀ ਡਾਕੂ ਨੂੰ ਮੂਹਰੇ ਕਰ ਦਿੰਦੀਆਂ ਸੀ.. ਬੱਚਾ ਚੁੱਪ ਕਰ ਜਾਂਦੈ..ਪਤਾ ਈਂ ਨਹੀਂ ਸੀ ਕਿ ਕੋਕੋ ਹੈ ਕੌਣ ਤੇ ਰਹਿੰਦੀ ਕਿੱਥੇ ਆਂ.. ਤੁਸੀਂ ਕੋਕੋ ਦੇਖੀ ਆਂ ਕਦੇ, ਧਿਆਨ ਮਾਰੋ…ਆਲੇ ਦੁਆਲੇ ਹੀ ਹੈ…ਇਹ ਕੋਕੋ ਤਾਂ ਅੱਜ ਦੇ ਜ਼ਮਾਨੇ ਵਿੱਚ ਵੀ ਹੈਗੀ ਆਂ…ਪਰ ਪਹਿਲਾਂ ਵਾਲੀ ਕੋਕੋ ਨਾਲੋਂ ਇਹਨਾਂ ਦਾ ਫਰਕ ਆਂ…ਉਹ ਕੋਕੋ ਦਿਸਦੀ ਨਹੀਂ ਸੀ…ਨਾ ਹੀ ਪਤਾ ਸੀ ਕਿ ਕਿੱਥੇ ਆਂ,ਹੁਣ ਵਾਲੀ ਕੋਕੋ ਦਿਸਦੀ ਵੀ ਆਂ, ਪਤਾ ਵੀ ਆਂ ਕਿ ਕਿੱਥੇ ਰਹਿੰਦੀ ਆਂ..ਤੇ ਕਿਹੋ ਜਿਹੀ ਆਂ…ਇਹ ਹੁਣ ਵਾਲੀ ਕੋਕੋ ਮੇਰੇ ਅਤੇ ਤੁਹਾਡੇ ਆਲੇ ਦੁਆਲੇ ਈਂ ਆਂ…ਕੋਕੋ ਨਾਲ ਜੁੜੀ ਹੋਈ ਇੱਕ ਕਹਾਵਤ ਅਕਸਰ ਵਰਤੀ ਜਾਂਦੀ ਏ…ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ…ਥੋੜਾ ਜਿਹਾ ਦਿਮਾਗ ਨੂੰ ਖੁਰਚੋ.. ਸੱਤਾ ਪਾਵਰ ਦੀ ਦੁਰਵਰਤੋਂ ਕਰਕੇ ਕਈ ਵਰ੍ਹਿਆਂ ਤੋਂ ਮੁਲਕ ਨੂੰ ਲੁੱਟ ਕੇ ਖਾਣ ਵਾਲੀ ਕੋਕੋ ਸਾਡੇ ਆਲੇ ਦੁਆਲੇ ਹੀ ਹੈ…ਤੇ ਇਸ ਕੋਕੋ ਦੇ ਬੱਚੇ…ਜਮਾਂ ਈਂ ਕੋਕੋ ਵਰਗੇ ਨਿਕਲੇ…ਕਿੰਨੀਆਂ ਚੀਜ਼ਾਂ ਮੁਲਕ ਦੀਆਂ ਲੈ ਕੇ ਚੁੱਕ ਕੇ ਅੱਜ ਤੱਕ ਇੱਕ ਨੀ ਮੋੜੀ.. ਫਿਰ ਇਹ ਅਜਿਹੇ ਲੀਡਰ ਕੋਕੋ ਨਹੀਂ ਹਨ ਤਾਂ ਹੋਰ ਕੀ ਨੇ… ਦੋਵੇਂ ਹਾਲਾਤ ਇੱਕੋ ਜਿਹੇ ਨੇ…ਨਾ ਤਾਂ ਆਪਾਂ ਆਪਣੇ ਬਚਪਨ ਵਿੱਚ ਆਪਣੀਆਂ ਚੀਜ਼ਾਂ ਚੁੱਕ ਕੇ ਲਿਜਾਣ ਵਾਲੀ ਕੋਕੋ ਨੂੰ ਕੁਝ ਕਹਿ ਸਕਦੇ ਸੀ.. ਤੇ ਨਾ ਹੁਣ ਆਪਾਂ ਕੋਕੋ ਨੂੰ ਕੁਝ ਕਹਿ ਸਕਦੇ ਹਾਂ… ਕਹਿ ਕੇ ਤਾਂ ਦੇਖੋ.. ਅਗਲਿਆਂ ਕੋਲ ਕਾਨੂੰਨ ਰੂਪੀ ਇੱਕ ਹੋਰ ਵੱਡੀ ਕੋਕੋ ਆਂ…ਅੰਦਰ ਕਰ ਦੇਣਗੇ….ਬੱਸ ਇਹੀ ਡਰ ਆਂ ਕਿ ਬੋਲਦੇ ਨਹੀਂ.. .ਨਿੱਕੇ ਹੁੰਦੇ ਤਾਂ ਨਹੀਂ ਬੋਲਦੇ ਸੀ ਕਿਉਂਕਿ ਪਤਾ ਨਹੀਂ ਸੀ ਕਿ ਕੋਕੋ ਹੈ ਕੌਣ ਤੇ ਹੈ ਕਿੱਥੇ… ਹੁਣ ਤਾਂ ਨਹੀਂ ਬੋਲਦੇ ਪਰਚਿਆਂ ਦਾ ਡਰ ਆਂ…ਨਾਲੇ ਅਸੀਂ ਤੁਸੀਂ ਹੁੰਨੇ ਵੀ ਕੌਣ ਆਂ…ਮੁਲਕ ਇਹਨਾਂ ਦੇ ਬਾਪ ਰੂਪੀ ਵੱਡੀ ਕੋਕੋ ਦਾ…ਸੱਤਾ ਇਹਨਾਂ ਦੀ ਜੱਦੀ ਪੁਸ਼ਤੀ ਕੋਕੋ.. ਉੱਪਰ ਮੈਂ ਇੱਕ ਕਹਾਵਤ ਦਾ ਜ਼ਿਕਰ ਕੀਤਾ…ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ…ਇਹ ਕਹਾਵਤ ਵੀ ਪਿਛਲੇ ਜ਼ਮਾਨਿਆਂ ਵਿੱਚ ਹੀ ਸੱਚੀ ਸੀ…ਸੱਚੀ ਯਾਰ ਉਦੋਂ ਕੋਕੋ ਦੇ ਬੱਚੇ ਕੋਕੋ ਵਰਗੇ ਈਂ ਹੁੰਦੇ ਸੀ…ਤੇ ਹੁਣ…ਥੋੜ੍ਹਾ ਜਿਹਾ ਧਿਆਨ ਮਾਰੋ…ਮਾਪਿਆਂ ਦੀ ਚੁੰਨੀ ਅਤੇ ਪੱਗ ਰੋਲਣ ਵਾਲੀ ਕੋਕੋ…ਬਾਪੂ ਦੀ ਇਮਾਨਦਾਰੀ ਪਿੰਡ ਦੇ ਸਿਰ ਚੜ੍ਹ ਕੇ ਬੋਲੀ…ਤੇ ਕੋਕੋ ਨਿਕਲੀ ਸਿਰੇ ਦਾ ਬੇਈਮਾਨ, ਝੂਠਾ ਵਿਹਲੜ ਪੱਕੀਆਂ-ਪਕਾਈਆਂ ਖਾਣ ਵਾਲਾ…ਅੰਮ੍ਰਿਤ ਵੇਲੇ ਉੱਠ ਕੇ ਧਾਰਮਿਕ ਸਥਾਨਾਂ ‘ਤੇ ਜਾ ਕੇ ਜਾਂ ਘਰਾਂ ‘ਚ ਬੈਠ ਕੇ ਆਪੋ ਆਪਣੇ ਇਸ਼ਟ ਨੂੰ ਧਿਆਉਣ ਵਾਲੀ ਉਹ ਪੁਰਾਣੀ ਕੋਕੋ…ਤੇ ਹੁਣ ਵਾਲੀ ਕੋਕੋ…ਧਰਮ ਜੁੱਤੀ ਦੀ ਨੋਕ ‘ਤੇ…ਪਹਿਲਾਂ ਸਰਕਾਰੀ ਦਫ਼ਤਰਾਂ ਵਿੱਚ ਬੈਠੀ ਕੋਕੋ ਰਿਸ਼ਵਤ ਰੂਪੀ ਘੱਟ ਚੀਜ਼ ਨਾਲ ਹੀ ਸਾਰ ਲੈਂਦੀ ਸੀ ਤੇ ਹੁਣ ਸਰਕਾਰੀ ਦਫ਼ਤਰਾਂ ‘ਚ ਬੈਠੀ ਕੋਕੋ ਰਿਸ਼ਵਤ ਰੂਪੀ ਚੀਜੀ ਇਉਂ ਮੰਗਦੀ ਹੈ ਜਿਵੇਂ ਅਗਲੇ ਦੀ ਜਾਇਦਾਦ ਵਿੱਚ ਹਿੱਸਾ ਪੱਤੀ ਹੁੰਦੈ…ਹੁਣ ਤਾਂ ਪੁਲਿਸ ਵਾਲੀ ਕੋਕੋ ਵੀ ਪਹਿਲਾਂ ਵਾਲੀ ਨਹੀਂ ਰਹੀ, ਪਹਿਲਾਂ ਵਾਲੀ ਕੋਕੋ ਪੁੜੇ ਕੁੱਟਦੀ ਸੀ…ਸਮਾਂ ਪੈ ਕੇ ਠੀਕ ਹੋ ਜਾਂਦੇ ਸੀ ਪਰ ਹੁਣ ਵਾਲੀ ਕੋਕੋ.. ਹੁਣ ਇਹ ਕੁੱਟਦੀ ਵੀ ਆਂ ਤੇ ਚੀਜੀ ਵੀ ਲੈ ਜਾਂਦੀ ਆਂ…ਚਲੋ ਬਾਕੀ ਕੋਕੋਆਂ ਬਾਰੇ ਤੁਸੀਂ ਆਪ ਨਿਗ੍ਹਾ ਮਾਰੋ,ਮੇਰਾ ਤਾਂ ਬਹੁਤ ਜੀਅ ਕਰਦੈ ਕਿ ਮੇਰੇ ਬਚਪਨ ਵਾਲੀ ਕੋਕੋ ਮੈਨੂੰ ਮਿਲ ਜਾਵੇ ਤੇ ਮੈਂ ਸਾਰੀਆਂ ਚੀਜ਼ਾਂ ਲੈ ਲਵਾਂ…ਪਰ ਜਦੋਂ ਹੁਣ ਵਾਲੀ ਕੋਕੋ ਵੱਲ ਨਿਗ੍ਹਾ ਮਾਰਦਾ ਹਾਂ ਤਾਂ ਲੱਗਦੈ ਕਿ ਉਹ ਮੇਰੇ ਬਚਪਨ ਵਾਲੀ ਕੋਕੋ ਤਾਂ ਮੇਰੇ ਬਚਪਨ ਦੇ ਨਾਲ ਈਂ ਚਲੀ ਗਈ…ਕਾਸ਼ !.ਕਿਤੇ ਉਹ ਕੋਕੋ ਮੁੜ ਆਵੇ,ਮਿਲ ਜਾਵੇ… ਉਹ ਭਾਵੇਂ ਚੀਜ਼ਾਂ ਲੈ ਜਾਂਦੀ ਸੀ ਪਰ ਹੁਣ ਵਾਲੀ ਕੋਕੋ ਨਾਲੋਂ ਚੰਗੀ ਸੀ…!
-ਨਿਰਮਲ ਸਿੰਘ ਪੰਡੋਰੀ, ਪੱਤਰਕਾਰ
94170-33033.