ਚੰਡੀਗੜ੍ਹ,13 ਮਾਰਚ, Gee98 news service
-ਚੰਡੀਗੜ੍ਹ ਵਿੱਚ ਪੜ੍ਹਦੀ ਬਠਿੰਡਾ ਦੀ ਇੱਕ 19 ਸਾਲ ਦੀ ਕੁੜੀ ਦੀ ਲਾਸ਼ ਬਠਿੰਡਾ ਨਹਿਰ ਵਿੱਚੋ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਦਰਜਨ ਤੋਂ ਵਧੇਰੇ ਲੋਕਾਂ ‘ਤੇ ਮੁਕੱਦਮਾ ਦਰਜ ਕੀਤਾ ਅਤੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਜਿਨਾਂ ਵਿੱਚੋਂ ਇੱਕ ਪਰਿਵਾਰ ਦੇ ਪਤੀ ਪਤਨੀ ਤੇ ਉਹਨਾਂ ਦਾ ਪੁੱਤਰ ਵੀ ਸ਼ਾਮਿਲ ਹੈ। ਮੌੜ ਮੰਡੀ ਦੀ ਰਹਿਣ ਵਾਲੀ ਚੈਰਿਸ ਗੋਇਲ ਨਾਮ ਦੀ ਇਹ ਲੜਕੀ ਚੰਡੀਗੜ੍ਹ ਬੀਕੌਮ ਦੀ ਪੜ੍ਹਾਈ ਕਰਦੀ ਸੀ, ਲੜਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਨੂੰ ਮੁਕੁਲ ਨਾਮ ਦਾ ਇੱਕ ਮੁੰਡਾ ਚੰਡੀਗੜ੍ਹ ਤੋਂ ਗੱਡੀ ਵਿੱਚ ਆਪਣੇ ਘਰ ਲੈ ਆਇਆ ਅਤੇ ਉਸਨੂੰ ਦੋ ਦਿਨਾਂ ਤੱਕ ਆਪਣੇ ਘਰ ਰੱਖਿਆ, ਜਿਸ ਦਾ ਲੜਕੇ ਦੇ ਪਰਿਵਾਰ ਨੂੰ ਵੀ ਪਤਾ ਸੀ। ਲੜਕੀ ਦੇ ਪਰਿਵਾਰ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੰਤੂ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਿਸ ਤੋਂ ਬਾਅਦ ਪੀੜ੍ਹਤ ਪਰਿਵਾਰ ਨੇ ਵਪਾਰੀਆਂ, ਜਨਤਕ ਜਥੇਬੰਦੀਆਂ ਤੇ ਆਮ ਲੋਕਾਂ ਨੂੰ ਲੈ ਕੇ ਥਾਣਾ ਮੌੜ ਮੰਡੀ ਅੱਗੇ ਧਰਨਾ ਲਾਇਆ ਤਾਂ ਪੁਲਿਸ ਹਰਕਤ ਵਿੱਚ ਆਈ। ਪੁਲਿਸ ਨੇ ਕੁੜੀ ਦੀ ਲਾਸ਼ ਬਠਿੰਡਾ ਨਹਿਰ ਵਿੱਚੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਯਾਤਰੀ ਨੇੜੇ ਬਰਾਮਦ ਕੀਤੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਭਖ ਗਿਆ। ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਜਾਣਕਾਰਾਂ ‘ਤੇ ਉਸ ਨੂੰ ਅਗਵਾ ਕਰਕੇ ਕਤਲ ਕਰਨ ਦਾ ਦੋਸ਼ ਲਾਇਆ ਹੈ। ਦੂਜੇ ਪਾਸੇ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਕੁੜੀ ਦੀ ਮੌਤ ਨੂੰ ਲੈ ਕੇ ਕਹਾਣੀ ਬਣਾਈ ਕਿ ਰਾਤ ਨੂੰ “ਮੁੰਡਾ ਤੇ ਕੁੜੀ” ਨਹਿਰ ‘ਤੇ ਗਏ ਸਨ, ਜਿਥੇ ਸੈਲਫੀ ਲੈਣ ਦੌਰਾਨ ਕੁੜੀ ਦਾ ਪੈਰ ਫਿਸਲ ਗਿਆ ਤੇ ਉਹ ਨਹਿਰ ਵਿਚ ਡਿੱਗ ਗਈ। ਮੁੰਡੇ ਦੇ ਪਰਿਵਾਰ ਦੀ ਇਹ ਕਹਾਣੀ ਲੜਕੀ ਦੇ ਪਰਿਵਾਰ ਅਤੇ ਆਮ ਲੋਕਾਂ ਸਮੇਤ ਪੁਲਿਸ ਦੇ ਵੀ ਹਜ਼ਮ ਨਹੀਂ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਦਰਜਨ ਤੋਂ ਵੱਧ ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਤੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ। ਐਸਐਸਪੀ ਨੇ ਅਮਨੀਤ ਕੌਂਡਲ ਨੇ ਦੱਸਿਆ ਕਿ ਕੁੜੀ ਦੇ ਲਾਪਤਾ ਹੋਣ ਸਬੰਧੀ ਸ਼ਿਕਾਇਤ ਮਿਲਣ ਨੂੰ ਗੰਭੀਰਤਾ ਨਾਲ ਨਾ ਲੈਣ ਕਰਕੇ ਐਸਐਚਓ ਮੌੜ ਮੰਡੀ ਮਨਜੀਤ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੈ।