ਚੰਡੀਗੜ੍ਹ 9 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਆਪਣੇ ਪੁੱਤਰ ਦੇ ਵਿਆਹ ਸਮਾਗਮਾਂ ‘ਚ ਰੁੱਝੇ ਹੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਪਹਿਲ ਦੇ ਰਹੇ ਹਨ। ਮੁੱਖ ਮੰਤਰੀ ਨੇ 11 ਅਕਤੂਬਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਬੁਲਾ ਲਈ ਹੈ। ਮੁੱਖ ਸਕੱਤਰ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਸੋਮਵਾਰ ਸਵੇਰੇ ਸਾਢੇ ਗਿਆਰਾਂ ਵਜੇ ਸਿਵਲ ਸਕੱਤਰੇਤ ਵਿਖੇ ਪੰਜਾਬ ਕੈਬਿਨਟ ਦੀ ਮੀਟਿੰਗ ਹੋਵੇਗੀ। ਇਸ ਮੀਟਿੰਗ ਦਾ ਏਜੰਡਾ ਭਾਵੇਂ ਜਾਰੀ ਨਹੀਂ ਕੀਤਾ ਗਿਆ ਪ੍ਰੰਤੂ ਅਨੁਮਾਨ ਹੈ ਕਿ ਕੈਬਨਿਟ ਦੀ ਇਸ ਮੀਟਿੰਗ ਵਿੱਚ ਸਰਕਾਰ ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਦਾ ਤੋਹਫਾ ਦੇ ਸਕਦੀ ਹੈ।ਪਿਛਲੇ ਦਿਨੀਂ ਅਨੁਸੂਚਿਤ ਜਾਤੀਆਂ ਲਈ ਕਈ ਭਲਾਈ ਸਕੀਮਾਂ ਦੇ ਐਲਾਨ ਤੋਂ ਬਾਅਦ ਜਨਰਲ ਸ਼੍ਰੇਣੀ ਦੇ ਗ਼ਰੀਬ ਲੋਕਾਂ ਲਈ ਵੀ ਕੋਈ ਰਾਹਤ ਦਿੱਤੀ ਜਾ ਸਕਦੀ ਹੈ। ਆਪਣੀਆਂ ਮੰਗਾਂ ਦੇ ਹੱਕ ‘ਚ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਮੁਲਾਜ਼ਮ ਵਰਗ ਦੀ ਵੀ ਕੈਬਨਿਟ ਦੀ ਮੀਟਿੰਗ ਉੱਪਰ ਨਜ਼ਰ ਟਿਕੀ ਰਹੇਗੀ।