ਕਿਸਾਨ ਯੂਨੀਅਨ ਅਤੇ ਐਮਐਲਏ ਕਾਲਾ ਢਿੱਲੋਂ ਨੇ “ਬਦਲਾਅ” ਨੂੰ ਧਨੌਲੇ ਚੋਂ ਬਾਹਰ ਕੱਢਿਆ
ਬਰਨਾਲਾ,14 ਮਾਰਚ, Gee98 News service
-ਇੱਕ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ‘ਚੋਂ ਕੁਰੱਪਸ਼ਨ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਦੂਜੇ ਪਾਸੇ ਸਰਕਾਰ ਦੇ ਆਪਣੇ ਮੰਤਰੀ/ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ “ਕੁਰੱਪਸ਼ਨ ਕਹਾਣੀਆਂ” ਸਰਕਾਰ ਦੀ ਕਿਰਕਰੀ ਕਰਵਾ ਰਹੀਆਂ ਹਨ। ਮੁੱਖ ਮੰਤਰੀ ਦੇ ਆਪਣੇ ਜੱਦੀ ਜ਼ਿਲ੍ਹੇ ਵਿੱਚ 55 ਲੱਖ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਮਾਮਲੇ ਦੀ ਗੂੰਜ ਅਜੇ ਮੱਠੀ ਨਹੀਂ ਪਈ, ਸਗੋਂ ਦੂਜੇ ਪਾਸੇ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਤੋਂ ਅਜਿਹੀ ਇੱਕ ਹੋਰ ਕਹਾਣੀ ਸਾਹਮਣੇ ਆ ਰਹੀ ਹੈ। ਭਵਾਨੀਗੜ੍ਹ ਦੀ ਟਰੱਕ ਯੂਨੀਅਨ ‘ਚ ਭੜਥੂ ਪਾ ਕੇ ਬਦਲਾਅ ਧਨੌਲਾ ਦੀ ਨਗਰ ਕੌਂਸਲ ਵਿੱਚ ਪੁੱਜ ਚੁੱਕਾ ਹੈ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਧਨੌਲਾ ਨਗਰ ਕੌਸਲ ਦੇ ਟ੍ਰੀਟਮੈਂਟ ਪਲਾਂਟ ਲਈ ਇੱਕ ਕਿਸਾਨ ਦੀ ਜ਼ਮੀਨ ਅਕਵਾਇਰ ਕੀਤੀ ਗਈ ਹੈ। ਇਸ ਮਾਮਲੇ ‘ਚ ਜ਼ਮੀਨ ਦੇ ਕੇ ਪੈਸੇ ਲੈਣ ਵਾਲਾ ਸਬੰਧਿਤ ਕਿਸਾਨ ਹੈ ਅਤੇ ਜ਼ਮੀਨ ਲੈ ਕੇ ਪੈਸੇ ਦੇਣ ਵਾਲੀ “ਪੰਜਾਬ ਸਰਕਾਰ” ਹੈ ਪ੍ਰੰਤੂ ਇਸ ਮਾਮਲੇ ਨਾਲ ਸਬੰਧਿਤ ਇੱਕ ਪੱਖ ਇਹ ਸਾਹਮਣੇ ਆਇਆ ਕਿ “ਸਰਕਾਰ ਅਤੇ ਕਿਸਾਨ” ਦੇ ਵਿਚਕਾਰ ਇੱਕ ਧਿਰ ਵੱਲੋਂ ‘ਕੁਰੱਪਸ਼ਨ ਦੀ ਮਲਾਈ’ ਖਾਣ ਦੇ ਯਤਨ ਕੀਤੇ ਗਏ। ਇਸ ਧਿਰ ਵੱਲੋਂ ਕਿਸਾਨ ਨੂੰ ਵਰਗਲਾਇਆ ਗਿਆ ਕਿ ਜੇਕਰ ਤੇਰੀ ਜ਼ਮੀਨ ਦਾ ਸਰਕਾਰ ਤੋਂ ਵੱਧ ਰੇਟ ਤੈਅ ਕਰਵਾ ਦਿੱਤਾ ਜਾਵੇ ਤਾਂ ਤੂੰ ਸਾਨੂੰ ਕਮਿਸ਼ਨ ਦੇ ਦੇਵੀ। ਟਰੀਟਮੈਂਟ ਪਲਾਂਟ ਲਈ ਅਕੁਵਾਇਰ ਕੀਤੀ ਕਿਸਾਨ ਦੀ ਕੁੱਲ ਜ਼ਮੀਨ ਸਾਢੇ ਤਿੰਨ ਏਕੜ ਹੈ। ਕਿਸਾਨ ਨੇ ਸੋਚਿਆ ਕਿ ਦੋ ਢਾਈ ਲੱਖ ਪ੍ਰਤੀ ਏਕੜ ਕਮਿਸ਼ਨ ਦੇ ਦੇਵੇਗਾ ਤਾਂ ਚੰਗਾ ਰੇਟ ਮਿਲ ਜਾਵੇਗਾ, ਜਿਸ ਤੋਂ ਬਾਅਦ ਕਿਸਾਨ ਨੇ ਨਗਰ ਕੌਂਸਲ ਦੀ ਕਮਿਸ਼ਨ ਮੰਗਦੀ ਧਿਰ ਨੂੰ ਹਾਮੀ ਭਰ ਦਿੱਤੀ ਅਤੇ ਉਸ ਦੀ ਜ਼ਮੀਨ ਦੀ ਪੂਰੇ ਫੁੱਲ ਰੇਟ ‘ਤੇ ਪ੍ਰਤੀ ਏਕੜ ਰੇਟ ਤੈਅ ਹੋ ਕੇ ਨਗਰ ਕੌਂਸਲ ਦੇ ਨਾਮ ਰਜਿਸਟਰੀ ਹੋ ਗਈ ਜਿਸ ਤੋਂ ਬਾਅਦ ਪੂਰੇ ਪੈਸੇ ਕਿਸਾਨ ਦੇ ਖਾਤੇ ਵਿੱਚ ਆ ਗਏ। ਇਥੋਂ ਸ਼ੁਰੂ ਹੁੰਦੀ ਹੈ ਪੰਜਾਬ ‘ਚ ਕੰਧਾਂ ਵਿੱਚ ਵੱਜਦੇ ਬਦਲਾਅ ਦੀ ਕਹਾਣੀ ਅਤੇ ਹੁਣ ਕਮਿਸ਼ਨ ਦਾ ਰੇੜਕਾ ਪੈ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਮਿਸ਼ਨ ਮੰਗਣ ਵਾਲੀ ਧਿਰ ਵੱਲੋਂ ਪ੍ਰਤੀ ਏਕੜ 20 ਲੱਖ ਤੋਂ ਵੱਧ ਕਮਿਸ਼ਨ ਮੰਗਿਆ ਜਾ ਰਿਹਾ ਹੈ ਜਿਸ ਨੂੰ ਸੁਣ ਕੇ ਕਿਸਾਨ ਦੇ ਸਾਹ ਫੁੱਲਣੇ ਸ਼ੁਰੂ ਹੋ ਗਏ ਅਤੇ ਉਸਨੇ ਜਿਗਰਾ ਕਰਕੇ ਕਮਿਸ਼ਨ ਮੰਗਦੀ ਧਿਰ ਨੂੰ ਇੱਕ ਧੇਲਾ ਵੀ ਕਮਿਸ਼ਨ ਨਾ ਦੇਣ ਦਾ ਫੈਸਲਾ ਕੀਤਾ ਅਤੇ ਕਮਿਸ਼ਨ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ, ਜਿਸ ਤੋਂ ਬਾਅਦ ਸਿੱਧੀ ਉਂਗਲ ਨਾਲ ਘਿਉ ਨਾ ਨਿਕਲਦਾ ਵੇਖ ਕੇ ਕਮਿਸ਼ਨ ਮੰਗਣ ਵਾਲੀ ਧਿਰ ਨੇ ਉਂਗਲ ਟੇਢੀ ਕਰ ਲਈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਿਸਾਨ ਜਦੋਂ ਕਮਿਸ਼ਨ ਦੇਣ ਤੋਂ ਮੁੱਕਰ ਗਿਆ ਤਾਂ ਉਸ ਨੂੰ ਥਾਣੇਦਾਰ ਸਾਹਿਬ ਨੇ ਚੁੱਕਿਆ ਅਤੇ ਥਾਣੇ ਲੈ ਗਿਆ।ਕਿਸਾਨ ਦੇ ਨਾਲ ਇਸ ਮਾਮਲੇ ‘ਚ ਵਿਚੋਲਗਿਰੀ ਦੀ ਭੂਮਿਕਾ ਨਿਭਾਉਣ ਵਾਲੇ ਇੱਕ ਹੋਰ ਵਿਅਕਤੀ ਨੂੰ ਵੀ ਚੁੱਕਿਆ ਗਿਆ ਸੀ। ਸੂਤਰਾਂ ਅਨੁਸਾਰ ਲੱਗਭੱਗ ਇੱਕ ਡੇਢ ਘੰਟਾ ਕਿਸਾਨ ਨੂੰ ਥਾਣੇ ‘ਚ ਬਿਠਾ ਕੇ ਰੱਖਿਆ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਸਬੰਧਤ ਕਿਸਾਨ ਦੇ ਖ਼ਿਲਾਫ਼ ਕਿਸੇ ਵੱਲੋਂ ਵੀ ਕੋਈ ਦਰਖਾਸਤ ਨਹੀਂ ਦਿੱਤੀ ਗਈ ਇਸ ਦੇ ਬਾਵਜੂਦ ਵੀ ਉਸ ਨੂੰ ਥਾਣੇ ਬਿਠਾ ਕੇ ਰੱਖਿਆ ਗਿਆ। ਇਸ ਦੌਰਾਨ ਕਿਸੇ ਤਰੀਕੇ ਨਾਲ ਕਿਸਾਨ ਯੂਨੀਅਨ ਦੇ ਕੁਝ ਆਗੂਆਂ ਨੂੰ ਇਸ ਦੀ ਭਿਣਕ ਲੱਗੀ ਅਤੇ ਬਰਨਾਲਾ ਵਿਧਾਨ ਸਭਾ ਹਲਕਾ ਤੋਂ ਕਾਂਗਰਸੀ ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਵੀ ਕਿਸੇ ਨੇ ਜਾਣਕਾਰੀ ਦੇ ਦਿੱਤੀ। ਜਿਸ ਤੋਂ ਬਾਅਦ ਕਿਸਾਨ ਯੂਨੀਅਨ ਦੇ ਆਗੂਆਂ ਵਰਕਰਾਂ ਨੇ ਡੰਡੇ ‘ਚ ਝੰਡਾ ਪਾ ਲਿਆ ਅਤੇ ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਥਾਣੇਦਾਰ ਨੂੰ ਫੋਨ ਲਗਾ ਕੇ ਸਬੰਧਿਤ ਕਿਸਾਨ ਨਾਲ ਧੱਕੇਸ਼ਾਹੀ ਨਾ ਕਰਨ ਲਈ ਵਰਜਿਆ ਤੇ ਉਸ ਨੂੰ ਛੱਡ ਦੇਣ ਲਈ ਕਿਹਾ। ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋ ਵੱਲੋਂ ਤੁਰੰਤ ਮਾਮਲਾ ਐਸਐਸਪੀ ਬਰਨਾਲਾ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਜਿਸ ਤੋਂ ਬਾਅਦ ਸਬੰਧਤ ਕਿਸਾਨ ਨੂੰ ਪਹਿਲਾਂ ਛੱਡ ਦਿੱਤਾ ਗਿਆ ਅਤੇ ਉਸ ਤੋਂ ਕੁਝ ਸਮੇਂ ਬਾਅਦ ਵਿਚੋਲਗਿਰੀ ਦੀ ਭੂਮਿਕਾ ਨਿਭਾਉਣ ਵਾਲੇ ਵਿਅਕਤੀ ਨੂੰ ਵੀ ਛੱਡ ਦਿੱਤਾ ਗਿਆ। ਇਹ ਮਾਮਲਾ ਬਰਨਾਲੇ ਦੀ ਰਾਜਨੀਤੀ ਵਿੱਚ ਪੂਰਾ ਭਖਦਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ‘ਚ ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਮਿਸ਼ਨ ਮੰਗਣ ਵਾਲੀ ਧਿਰ ਦੇ ਇਕ “ਖਾਸ ਵਿਅਕਤੀ” ਨੇ ਸੰਬੰਧਿਤ ਕਿਸਾਨ ਤੋਂ ਵੱਡੀ ਰਕਮ ਦੇ ਦੋ ਖਾਲੀ ਚੈੱਕ ਪਹਿਲਾਂ ਹੀ ਲੈ ਕੇ ਰੱਖੇ ਹੋਏ ਹਨ। ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਹ ਖਾਲੀ ਚੈੱਕ ਵਾਪਸ ਕਰਵਾਉਣ ਲਈ ਉਹ ਵੱਡੇ ਡੰਡਿਆਂ ‘ਚ ਵੱਡੇ ਝੰਡੇ ਪਾਉਣਗੇ ਅਤੇ ਐਮਐਲਏ ਕਾਲਾ ਢਿੱਲੋਂ ਨੇ ਕਿਹਾ ਕਿ ਕਿਸਾਨ ਦੇ ਇਹਨਾਂ ਚੈੱਕਾਂ ਦੀ ਦੁਰਵਰਤੋਂ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਇਹ ਹਰ ਹਾਲਤ ਵਿੱਚ ਕਿਸਾਨ ਨੂੰ ਵਾਪਸ ਕਰਵਾਏ ਜਾਣਗੇ। ਐਮਐਲਏ ਕਾਲਾ ਢਿੱਲੋ ਨੇ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ/ਸ਼ਹਿਰਾਂ ‘ਚ ਕੰਧਾਂ ‘ਚ ਵੱਜਦਾ ਹੋਇਆ ਬਦਲਾਅ ਭਵਾਨੀਗੜ੍ਹ ਦੀ ਟਰੱਕ ਯੂਨੀਅਨ ਵਿੱਚੋਂ ਹੋ ਕੇ ਹੁਣ ਬਰਨਾਲਾ ਜ਼ਿਲ੍ਹੇ ਵਿੱਚ ਪੁੱਜ ਚੁੱਕਾ ਹੈ, ਇਸ ਲਈ ਲੋਕਾਂ ਨੂੰ ਇਸ ਝੂਠੇ ਬਦਲਾਅ ਦੇ ਖ਼ਿਲਾਫ਼ ਆਪਣੇ ਤੇਵਰ ਤਿੱਖੇ ਕਰ ਲੈਣੇ ਚਾਹੀਦੇ ਹਨ। ਇਹ ਪੂਰਾ ਮਾਮਲਾ ਐਸਐਸਪੀ ਬਰਨਾਲਾ ਦੇ ਧਿਆਨ ਵਿੱਚ ਵੀ ਹੈ। ਇਹ ਵੀ ਕਨਸੋਆਂ ਹਨ ਕਿ ਐਮਐਲਏ ਕਾਲਾ ਢਿੱਲੋਂ ਵੱਲੋਂ ਇਸ ਮੁੱਦੇ ‘ਤੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾ ਸਕਦੀ ਹੈ।