ਚੰਡੀਗੜ੍ਹ,14 ਮਾਰਚ, Gee98 News service
-ਤਿੰਨ ਮਹੀਨੇ ਪਹਿਲਾ ਕੌਂਸਲਰਾਂ ਦੀ ਚੋਣ ਹੋ ਚੁੱਕੀ ਹੈ ਪ੍ਰੰਤੂ ਇਸ ਦੇ ਬਾਵਜੂਦ ਅਜੇ ਤੱਕ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਦੀ ਚੋਣ ਨਹੀਂ ਕੀਤੀ ਗਈ ਜਿਸ ਕਾਰਨ ਕੌਂਸਲਰਾਂ ਨੂੰ ਆਪਣੇ ਅਤੇ ਲੋਕਾਂ ਦੇ ਕੰਮਾਂਕਾਰਾਂ ਸਬੰਧੀ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ। ਨਗਰ ਕੌਂਸਲ ਹਾਊਸ ਦੇ ਗਠਨ ਵਿੱਚ ਹੋ ਰਹੀ ਦੇਰੀ ਕਾਰਨ ਨਗਰ ਕੌਂਸਲ ਦੇ ਅਧਿਕਾਰੀ ਕੌਂਸਲਰਾਂ ਨੂੰ ਟਿੱਚ ਕਰਕੇ ਜਾਣਦੇ ਹਨ ਅਤੇ ਬਣਦਾ ਮਾਣ ਸਤਿਕਾਰ ਵੀ ਨਹੀਂ ਦਿੱਤਾ ਜਾ ਰਿਹਾ। ਅਜਿਹੇ ਹਾਲਾਤਾਂ ਤੋਂ ਦੁਖੀ ਹੋ ਕੇ ਸੰਗਰੂਰ ਨਗਰ ਕੌਂਸਲ ਦਾ ਇੱਕ ਕੌਂਸਲਰ ਅਵਤਾਰ ਸਿੰਘ ਤਾਰਾ ਆਪਣਾ ਕੌਂਸਲਰ ਦਾ ਜੇਤੂ ਸਰਟੀਫਿਕੇਟ ਅਤੇ ਮੋਹਰ ਵਾਪਸ ਮੋੜ ਲਈ ਡਿਪਟੀ ਕਮਿਸ਼ਨਰ ਦਫਤਰ ਪੁੱਜ ਗਿਆ। ਇਸ ਮੌਕੇ ਐਮਸੀ ਤਾਰਾ ਨੇ ਕਿਹਾ ਕਿ ਜੇਕਰ ਕੌਂਸਲਰਾਂ ਦੇ ਕੋਈ ਕੰਮ ਹੀ ਨਹੀਂ ਹੋਣੇ ਜਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਣੀ ਤਾਂ ਇਹ ਸਰਟੀਫਿਕੇਟ ਅਤੇ ਮੋਹਰਾਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਦੇ ਦਫ਼ਤਰ ਵਿੱਚ ਮੌਜੂਦ ਨਾ ਹੋਣ ਕਰ ਰਹੇ ਨੇ ਐਮਸੀ ਤਾਰਾ ਨੂੰ ਦਫਤਰ ਵਿੱਚ ਹਾਜ਼ਰ ਹੋਰ ਅਧਿਕਾਰੀਆਂ ਨਾਲ ਮਿਲਾਇਆ ਗਿਆ ਜਿਨਾਂ ਨੇ ਉਸ ਦਾ ਜੇਤੂ ਸਰਟੀਫਿਕੇਟ ਅਤੇ ਮੋਹਰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀਆਂ ਨੂੰ ਕੌਂਸਲਰ ਨੇ ਦੱਸਿਆ ਕਿ ਉਸ ਦਾ ਵਾਰਡ ਨੰਬਰ 22 ਹਨੇਰੇ ਵਿੱਚ ਡੁੱਬਿਆ ਹੋਇਆ ਪ੍ਰੰਤੂ ਉਸਦੇ ਵਾਰਡ ਦੀਆਂ ਗਲੀਆਂ ਵਿੱਚ ਲਾਈਟਾਂ ਲਾਉਣ ਸਬੰਧੀ ਅਧਿਕਾਰੀ ਉਸਦੀ ਗੱਲ ਨਹੀਂ ਸੁਣ ਰਹੇ ਅਤੇ ਨਾ ਹੀ ਵਾਰਡ ਵਿੱਚ ਕੋਈ ਸਫਾਈ ਕਰਮਚਾਰੀ ਹੈ ਜਿਸ ਕਰਕੇ ਉਸ ਨੂੰ ਖੁਦ ਹੀ ਝਾੜੂ ਲਗਉਣਾ ਪੈਂਦਾ ਹੈ। ਇਹ ਮਾਮਲਾ ਰੌਸ਼ਨੀ ਵਿੱਚ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਚੁਟਕੀਆਂ ਲਈਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਨਗਰ ਕੌਸਰ ਸੰਗਰੂਰ ਦੀ ਚੋਣ ਹੋਈ ਨੂੰ ਲਗਭਗ ਤਿੰਨ ਮਹੀਨੇ ਹੋ ਚੁੱਕੇ ਹਨ ਪ੍ਰੰਤੂ ਇਸਦੇ ਬਾਵਜੂਦ ਵੀ ਨਾ ਤਾਂ ਅਜੇ ਤੱਕ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ ਹੈ ਤੇ ਨਾ ਹੀ ਪ੍ਰਧਾਨ ਦੀ ਚੋਣ ਕੀਤੀ ਗਈ ਹੈ।