ਚੰਡੀਗੜ੍ਹ,14 ਮਾਰਚ, Gee98 News service
-ਪੰਜਾਬ ਸਰਕਾਰ ਨੇ ਕੁਰੱਪਸ਼ਨ ਦੇ ਦੋਸ਼ੀ ਪਾਏ ਗਏ ਦੋ ਐਕਸੀਅਨਾਂ ਨੂੰ ਡਿਮੋਸ਼ਨ ਕਰਕੇ ਐਸਡੀਓ ਬਣਾ ਦਿੱਤਾ ਹੈ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਕਾਰਜਕਾਰੀ ਇੰਜਨੀਅਰ ਵਿਸ਼ਵਪਾਲ ਗੋਇਲ ਅਤੇ ਚਰਨਜੀਤ ਸਿੰਘ ਦੀ ਡਿਮੋਸ਼ਨ ਕਰ ਦਿੱਤੀ ਹੈ ਅਤੇ ਐਸਡੀਓ ਬਣਾ ਦਿੱਤਾ ਹੈ। ਹੁਣ ਇਹਨਾਂ ਦੋਵੇਂ ਅਧਿਕਾਰੀਆਂ ਦੀ ਡਿਮੋਸ਼ਨ ਤੋਂ ਬਾਅਦ ਤਾਇਨਾਤੀ ਜਲ ਸਰੋਤ ਵਿਭਾਗ ਦੇ ਮੁੱਖ ਦਫਤਰ ਵਿੱਚ ਕੀਤੀ ਗਈ ਹੈ। ਦੋਵੇਂ ਅਧਿਕਾਰੀਆਂ ਵਿੱਚੋਂ ਵਿਸ਼ਵਪਾਲ ਗੋਇਲ ਦੀ ਪੜਤਾਲੀਆ ਰਿਪੋਰਟ ਅਨੁਸਾਰ ਜ਼ਿਲ੍ਹਾ ਪਠਾਨਕੋਟ ਦੇ ਕਰੱਸ਼ਰ ਮਾਲਕਾਂ ਵੱਲੋਂ ਜੁਲਾਈ 2023 ਤੋਂ ਸਤੰਬਰ 2023 ਤੱਕ ਜੋ ਮਹੀਨਾਵਾਰ ਰਿਟਰਨਾਂ ਭਰੀਆਂ ਗਈਆਂ ਸਨ, ਉਨ੍ਹਾਂ ਦੀ ਚੈਕਿੰਗ ਦੌਰਾਨ ਪਤਾ ਲੱਗਿਆ ਕਿ ਉਨ੍ਹਾਂ ਵੱਲੋਂ ਮਟੀਰੀਅਲ ਦੀ ਖ਼ਰੀਦ ਨਾਲੋਂ ਵੱਧ ਪ੍ਰੋਸੈਸਡ ਮਟੀਰੀਅਲ ਦਿਖਾਇਆ ਗਿਆ ਅਤੇ ਜਮ੍ਹਾਂ ਕਰਾਉਣ ਯੋਗ ਰਾਸ਼ੀ ਵੀ ਪੂਰੀ ਜਮ੍ਹਾਂ ਨਹੀਂ ਕਰਵਾਈ ਗਈ।ਜਿਸ ਨਾਲ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਜਲ ਸਰੋਤ ਵਿਭਾਗ ਨੇ ਪਟਿਆਲਾ ਨਹਿਰੀ ਸਰਕਲ ਦੇ ਐਕਸੀਅਨ ਚਰਨਜੀਤ ਸਿੰਘ ਦੀ ਵੀ ਡਿਮੋਸ਼ਨ ਕੀਤੀ ਹੈ। ਰਿਪੋਰਟ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ 2 ਏਕੜ ਜਗ੍ਹਾ ਵਿੱਚ ਜਲ ਸਰੋਤ ਵਿਭਾਗ ਦੀ ਨਵੀਂ ਇਮਾਰਤ ਦੀ ਉਸਾਰੀ ਹੋਣੀ ਸੀ। ਇਸ ਇਮਾਰਤ ਦੀ ਉਸਾਰੀ ਲਈ ਹੋਏ ਟੈਂਡਰਾਂ ਦੀ ਪ੍ਰਕਿਰਿਆ ਵਿੱਚ ਵੀ ਘਪਲੇਬਾਜ਼ੀ ਸਾਹਮਣੇ ਆਈ ਹੈ।