ਚੰਡੀਗੜ੍ਹ,20 ਮਾਰਚ, Gee98 News service
-ਪੰਜਾਬ ਪੁਲਿਸ ਦਾ ਬੁਲਡੋਜ਼ਰ ਐਕਸ਼ਨ ਨਸ਼ਾ ਤਸਕਰਾਂ ਦੇ ਘਰਾਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਕਿਸਾਨ ਮੋਰਚੇ ਤੱਕ ਜਾ ਪੁੱਜਿਆ। ਬੁੱਧਵਾਰ ਸੰਗਰੂਰ ਦੀ ਲੱਡਾ ਕੋਠੀ ਵਿਖੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਇਕੱਤਰਤਾ ਨੇ ਇਹ ਸੰਕੇਤ ਦੇ ਦਿੱਤਾ ਸੀ ਕਿ ਪੰਜਾਬ ਸਰਕਾਰ ਕੋਈ ਵੱਡਾ ਐਕਸ਼ਨ ਕਰਨ ਜਾ ਰਹੀ ਹੈ। ਲੱਡਾ ਕੋਠੀ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਇਕੱਠੇ ਕੀਤੇ ਜਾਣ ਤੋਂ ਬਾਅਦ ਇਹ ਚਰਚਾ ਸੀ ਕਿ ਸ਼ਾਇਦ ਨਸ਼ਾ ਤਸਕਰੀ ਦੇ ਸਬੰਧ ਵਿੱਚ ਕੋਈ ਵੱਡਾ ਐਕਸ਼ਨ ਹੋਵੇਗਾ ਪ੍ਰੰਤੂ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਮੋਰਚਾ ਲਗਾ ਕੇ ਬੈਠੇ ਕਿਸਾਨ ਆਗੂਆਂ ਦੇ ਲੀਡਰਾਂ ਦੀ ਮੀਟਿੰਗ ਤੋਂ ਵਾਪਸ ਆਉਂਦੇ ਹੋਏ ਪੰਜਾਬ ਪੁਲਿਸ ਨੇ ਸਾਰੇ ਆਗੂਆਂ ਨੂੰ ਡਿਟੇਨ ਕੀਤਾ ਅਤੇ ਫਿਰ ਦੇਰ ਸ਼ਾਮ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਇਕੱਠੇ ਹੋਏ ਸਾਰੇ ਕਿਸਾਨਾਂ ਨੂੰ ਖਦੇੜ ਦਿੱਤਾ। ਕਿਸਾਨ ਮੋਰਚੇ ਨੂੰ ਖਦੇੜਨ ਦੀ ਕਾਰਵਾਈ ਦੌਰਾਨ ਪੰਜਾਬ ਪੁਲਿਸ ਨੇ ਕਿਸਾਨਾਂ ਵੱਲੋਂ ਪੱਕੇ ਤੌਰ ‘ਤੇ ਬਣਾਏ ਸੈੱਡ ਬੁਲਡੋਜ਼ਰ ਐਕਸ਼ਨ ਨਾਲ ਢਾਹ ਦਿੱਤੇ। ਪੰਜਾਬ ਸਰਕਾਰ ਵੱਲੋਂ ਕਿਸਾਨ ਮੋਰਚੇ ਦੇ ਖ਼ਿਲਾਫ਼ ਕੀਤੇ ਇਸ ਐਕਸ਼ਨ ਦੇ ਰੀਐਕਸ਼ਨ ਦੀ ਸੰਭਾਵਨਾ ਦੇ ਮੱਦੇਨਜ਼ਰ ਪਟਿਆਲਾ ਅਤੇ ਸੰਗਰੂਰ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਪੰਜਾਬ ਦੇ ਵਿੱਤ ਮੰਤਰੀ ਦਾ ਤਰਕ ਹੈ ਕਿ ਕਿਸਾਨ ਮੋਰਚੇ ਨੂੰ ਚੁੱਕਣ ਲਈ ਇਹ ਵੱਡੀ ਕਾਰਵਾਈ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਸੜਕਾਂ ਜਾਮ ਹੋਣ ਕਾਰਨ ਪੰਜਾਬ ਦਾ ਮਾਲੀ ਨੁਕਸਾਨ ਹੋ ਰਿਹਾ ਸੀ ਪ੍ਰੰਤੂ ਪੰਜਾਬ ਦੇ ਵਿੱਤ ਮੰਤਰੀ ਦਾ ਇਹ ਤਰਕ ਹਾਸੋਹੀਣਾ ਜਾਪਦਾ ਹੈ ਕਿਉਂਕਿ ਇਹੀ ਮੰਤਰੀ ਪਿਛਲੀਆਂ ਸਰਕਾਰਾਂ ਮੌਕੇ ਜਨਤਕ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸੜਕਾਂ ਜਾਮ ਕਰਕੇ ਦਿੱਤੇ ਧਰਨਿਆਂ ਦਾ ਹਿੱਸਾ ਬਣਦੇ ਰਹੇ ਹਨ। ਸਵਾਲ ਇਹ ਵੀ ਉੱਠਦੇ ਹਨ ਕਿ ਜਦੋਂ ਭਗਵੰਤ ਮਾਨ ਸਮੇਤ ਪੰਜਾਬ ਦੇ ਮੌਜੂਦਾ ਵੱਡੀ ਗਿਣਤੀ ਮੰਤਰੀ ਅਤੇ ਆਪ ਦੇ ਹੋਰ ਆਗੂ ਪਿਛਲੀਆਂ ਸਰਕਾਰਾਂ ਮੌਕੇ ਜਨਤਕ ਅਤੇ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਵਿੱਚ ਸ਼ਾਮਿਲ ਹੋ ਕੇ ਸੜਕਾਂ ਜਾਮ ਕਰਦੇ ਸਨ ਤਾਂ ਕੀ ਉਸ ਵੇਲੇ ਪੰਜਾਬ ਦਾ ਮਾਲੀ ਨੁਕਸਾਨ ਨਹੀਂ ਹੁੰਦਾ ਸੀ ? ਭਾਵੇਂ ਕੇ ਸੂਬੇ ਦੇ ਆਮ ਲੋਕ ਸੜਕਾਂ ਜਾਮ ਕਰਕੇ ਧਰਨੇ ਲਗਾਉਣ ਦੀ ਕਾਰਵਾਈ ਦੇ ਹੱਕ ‘ਚ ਨਹੀਂ ਹਨ ਅਤੇ ਇਸ ਨਾਲ ਸੂਬੇ ਦੇ ਮਾਲੀ ਨੁਕਸਾਨ ਦੇ ਨਾਲ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਰਬਾਦੀ ਵੀ ਹੋ ਰਹੀ ਹੈ ਪ੍ਰੰਤੂ ਜਿਸ ਤਰ੍ਹਾਂ ਸਰਕਾਰਾਂ ਵੱਲੋਂ ਕਿਸਾਨ ਅੰਦੋਲਨ ਦੇ ਨਾਲ ਨਜਿੱਠਿਆ ਜਾ ਰਿਹਾ ਹੈ, ਇਹ ਕਾਰਵਾਈ ਕਿਸਾਨੀ ਸਮੱਸਿਆ ਦਾ ਹੱਲ ਨਹੀਂ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਪੰਜ ਮਿੰਟ ਵਿੱਚ ਫਸਲਾਂ ‘ਤੇ ਐਮਐਸਪੀ ਦੇਣ ਦੇ ਐਲਾਨ ਕਰਨ ਵਾਲੇ ਜਬਰਦਸਤੀ ਅੰਦੋਲਨਾਂ ਨੂੰ ਕੁਚਲਣ ਦੇ ਰਾਹ ‘ਤੇ ਪੈ ਗਏ ਹਨ। ਪੰਜਾਬ ਸਰਕਾਰ ਨੂੰ ਇਸ ਇਤਿਹਾਸਿਕ ਸੱਚਾਈ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਕਿ ਅੰਦੋਲਨਾਂ ਨੂੰ ਜ਼ਬਰਦਸਤੀ ਦਬਾਉਣ ਦੇ ਹਮੇਸ਼ਾ ਉਲਟ ਨਤੀਜੇ ਹੀ ਨਿਕਲਦੇ ਰਹੇ ਅਤੇ ਪੰਜਾਬ ਇਸ ਵੇਲੇ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਅੰਦੋਲਨ ਦੇ ਉਲਟ ਨਤੀਜੇ ਦਾ ਸਾਹਮਣਾ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਸਮੇਤ ਬਹੁਤੀਆਂ ਜਨਤਕ ਜਥੇਬੰਦੀਆਂ ਦੇ ਆਗੂ ਭਗਵੰਤ ਮਾਨ ਦੇ ਬਦਲੇ ਹੋਏ ਤੇਵਰਾਂ ਤੋਂ ਵੀ ਹੈਰਾਨ ਹਨ। ਪੰਜਾਬ ‘ਚੋਂ ਨਸ਼ਾ ਤਸਕਰੀ ਦੀ ਸਮੱਸਿਆ ਨੂੰ ਖਤਮ ਕਰਨ ਸਬੰਧੀ ਪੰਜਾਬ ਸਰਕਾਰ ਦਾ ਐਕਸ਼ਨ ਅਤੇ ਹੁਣ ਕਿਸਾਨ ਅੰਦੋਲਨ ਦੇ ਖ਼ਿਲਾਫ਼ ਪੰਜਾਬ ਸਰਕਾਰ ਦੇ ਵੱਡੇ ਐਕਸ਼ਨ ਅਚਾਨਕ ਵਾਪਰੀਆਂ ਘਟਨਾਵਾਂ ਨਹੀਂ ਹਨ। ਕਿਤੇ ਕਿਤੇ ਚਰਚਾ ਇਹ ਵੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਕੌਮੀ ਹਾਈਕਮਾਂਡ ਵੱਲੋਂ ਭਗਵੰਤ ਮਾਨ ਨੂੰ ਇਹ ਸਾਰਾ ਕੁਝ ਕਰਨ ਲਈ ਪਿੱਠ ਥਾਪੜੀ ਜਾ ਰਹੀ ਹੈ ਤਾਂ ਜੋ ਸੂਬੇ ਦੇ ਲੋਕਾਂ ‘ਚ ਭਗਵੰਤ ਮਾਨ ਦਾ ਅਕਸ ਧੁੰਦਲਾ ਪੈ ਜਾਵੇ ਅਤੇ ਫੇਰ ਪਿਛਲੀ ਸਰਕਾਰ ਵਾਂਗ ਆਪ ਦੇ ਕਿਸੇ ਆਗੂ ਦੀ ਚਰਨਜੀਤ ਸਿੰਘ ਚੰਨੀ ਵਾਂਗ ਐਂਟਰੀ ਹੋਵੇ, ਕਿਉਂਕਿ ਜੇਕਰ ਬਿਨਾਂ ਕਿਸੇ ਠੋਸ ਕਾਰਨ ਦੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰਿਆ ਜਾਂਦਾ ਹੈ ਤਾਂ ਸੂਬੇ ‘ਚ ਆਪ ਦੇ ਦੁਫਾੜ ਹੋਣ ਦੀਆਂ ਸੰਭਾਵਨਾਵਾਂ ਹਨ। ਸਿਆਸੀ ਮਾਹਿਰ ਆਪ ਦੀ ਕੌਮੀ ਹਾਈ ਕਮਾਂਡ ਵੱਲੋਂ ਭਗਵੰਤ ਮਾਨ ਨੂੰ ਫਰੀ ਹੈਂਡ ਕਰਕੇ ਕੁਝ ਅਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਦੀ ਅਗਵਾਈ ‘ਚ ਤਬਦੀਲੀ ਦੇ ਵਰਤਾਰੇ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਚਰਨਜੀਤ ਸਿੰਘ ਚੰਨੀ ਤੱਕ ਦੇ ਸਫ਼ਰ ਵਾਂਗ ਸਹਿਜੇ ਹੀ ਪੂਰਾ ਕੀਤਾ ਜਾ ਸਕੇ। ਇਹ ਗੱਲ ਭਾਵੇਂ ਪੜ੍ਹਨ ਤੇ ਸੁਣਨ ਵਿੱਚ ਆਮ ਜਿਹੀ ਲੱਗਦੀ ਹੋਵੇਗੀ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦੇ ਮੌਜੂਦਾ ਹਾਲਾਤਾਂ ਪ੍ਰਤੀ ਪਹੁੰਚ ਲੀਡਰਸ਼ਿਪ ਵਿੱਚ ਤਬਦੀਲੀ ਵੱਲ ਵੀ ਜਾ ਸਕਦੀ ਹੈ।