ਚੰਡੀਗੜ੍ਹ,22 ਮਾਰਚ, Gee98 News service
ਦਿੱਲੀ ਵਿੱਚ ਕੱਲ੍ਹ ਵਾਪਰੀ ਇੱਕ ਘਟਨਾ ਨੇ ਕਾਨੂੰਨ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਕਰਾਰਾ ਝਟਕਾ ਦਿੱਤਾ ਹੈ। ਦਿੱਲੀ ਹਾਈਕੋਰਟ ਦੇ ਇੱਕ ਜੱਜ ਯਸ਼ਵੰਤ ਵਰਮਾ ਦੇ ਘਰ ਅਚਾਨਕ ਅੱਗ ਲੱਗੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਅਤੇ ਅੱਗ ਬੁਝਾਉਣ ਦੀ ਕਾਰਵਾਈ ਦੌਰਾਨ ਫਾਇਰ ਬ੍ਰਿਗੇਡ ਦੇ ਸਟਾਫ਼ ਨੂੰ ਜੱਜ ਦੇ ਘਰੋਂ ਭਾਰੀ ਮਾਤਰਾ ਵਿੱਚ ਨਗਦੀ ਮਿਲੀ। ਇੱਕ ਹਾਈਕੋਰਟ ਦੇ ਜੱਜ ਦੇ ਘਰੋਂ ਇੰਨੀ ਮਾਤਰਾ ਵਿੱਚ ਨਗਦੀ ਮਿਲਣ ਤੋਂ ਬਾਅਦ ਅਨੇਕਾਂ ਤਰ੍ਹਾਂ ਦੇ ਸਵਾਲਾਂ ਦਾ ਉੱਠਣਾ ਸੁਭਾਵਿਕ ਹੀ ਹੈ ਅਤੇ ਇਹ ਸਵਾਲ ਸਿੱਧੇ ਸਾਡੇ ਮੁਲਕ ਦੀ ਨਿਆਂ ਪ੍ਰਣਾਲੀ ‘ਤੇ ਕਰਾਰੀ ਚੋਟ ਕਰਦੇ ਹਨ। ਇੱਕ ਜੱਜ ਦੇ ਘਰੋਂ ਵੱਡੀ ਮਾਤਰਾ ‘ਚ ਨਗਦੀ ਮਿਲਣ ਤੋਂ ਬਾਅਦ ਕਾਨੂੰਨ ‘ਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਤਾਂ ਝਟਕਾ ਲੱਗਣਾ ਹੀ ਸੀ ਸਗੋਂ ਨਿਆਂ ਪ੍ਰਣਾਲੀ ਨਾਲ ਸਿੱਧੇ ਤੌਰ ‘ਤੇ ਜੁੜੇ ਕੁਝ ਜੱਜਾਂ ਨੂੰ ਵੀ ਕਰਾਰਾ ਝਟਕਾ ਲੱਗਿਆ। ਸੁਪਰੀਮ ਕੋਰਟ ਕੌਲਿਜੀਅਮ ਨੇ ਜਸਟਿਸ ਯਸ਼ਵੰਤ ਵਰਮਾ ਦੇ ਤਬਾਦਲੇ ਦੀ ਸਿਫਾਰਸ਼ ਕਰ ਦਿੱਤੀ ਹੈ। ਚੀਫ ਜਸਟਿਸ ਸੰਜੀਵ ਖੰਨਾ ਦੀ ਅਗਵਾਲੀ ਵਾਲੇ ਸਭ ਤੋਂ ਸੀਨੀਅਰ ਤਿੰਨ ਜੱਜਾਂ ਦੇ ਕੌਲਿਜੀਅਮ ਨੇ ਜਸਟਿਸ ਵਰਮਾ ਨੂੰ ਉਹਨਾਂ ਦੇ ਜੱਦੀ ਹਾਈਕੋਰਟ ਇਲਾਹਾਬਾਦ ਵਿੱਚ ਭੇਜਣ ਦੀ ਸਿਫਾਰਿਸ਼ ਕੀਤੀ ਹੈ। ਇੱਥੇ ਹੁਣ ਸਵਾਲ ਇਹ ਵੀ ਉੱਠਦੇ ਹਨ ਕਿ ਕੀ ਜਸਟਿਸ ਯਸ਼ਵੰਤ ਵਰਮਾ ਦੇ ਤਬਾਦਲੇ ਦੀ ਸਿਫਾਰਸ਼ ਕਾਫੀ ਹੈ ? ਸੁਪਰੀਮ ਕੋਰਟ ਕੌਲਿਜੀਅਮ ਦੇ ਕੁਝ ਮੈਂਬਰਾਂ ਨੇ ਤਾਂ ਇਸ ਪੂਰੇ ਘਟਨਾਕ੍ਰਮ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਜਸਟਿਸ ਵਰਮਾ ਦਾ ਸਿਰਫ ਤਬਾਦਲਾ ਹੀ ਕੀਤਾ ਜਾਂਦਾ ਹੈ ਤਾਂ ਇਸ ਨਾਲ ਨਿਆਂਪਾਲਿਕਾ ਦੇ ਅਕਸ ਨੂੰ ਢਾਹ ਲੱਗੇਗੀ। ਦੇਸ਼ ਵਿੱਚ ਨਿਆਂ ਪ੍ਰਣਾਲੀ ਵਿੱਚ ਲੋਕਾਂ ਦਾ ਭਰੋਸਾ ਕਮਜ਼ੋਰ ਹੋ ਸਕਦਾ ਹੈ। ਕੌਲਿਜੀਅਮ ਦੇ ਕੁਝ ਮੈਂਬਰਾਂ ਦਾ ਸੁਝਾਅ ਹੈ ਕਿ ਜਸਟਿਸ ਵਰਮਾ ਤੋਂ ਅਸਤੀਫ਼ਾ ਮੰਗਿਆ ਜਾਣਾ ਚਾਹੀਦਾ ਹੈ ਪਰੰਤੂ ਜੇਕਰ ਉਹ ਇਨਕਾਰ ਕਰਦੇ ਹਨ ਤਾਂ ਉਹਨਾਂ ਨੂੰ ਹਟਾਉਣ ਲਈ ਸੰਸਦ ਵਿੱਚ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਆਪਣੇ ਘਰੋਂ ਵੱਡੀ ਮਾਤਰਾ ‘ਚ ਨਕਦੀ ਬਰਾਮਦ ਹੋਣ ਤੋਂ ਬਾਅਦ ਹੁਣ ਤਾਂ ਇਕੱਲੇ ਜਸਟਿਸ ਵਰਮਾ ਹੀ ਕਟਹਿਰੇ ਵਿੱਚ ਖੜੇ ਹਨ ਪਰੰਤੂ ਜੇਕਰ ਉਹਨਾਂ ਦੇ ਖ਼ਿਲਾਫ਼ ਮਹਾਂਦੋਸ਼ ਦੀ ਕਾਰਵਾਈ ਸ਼ੁਰੂ ਨਹੀਂ ਕੀਤੀ ਜਾਂਦੀ ਅਤੇ ਉਹਨਾਂ ਨੂੰ ਨਹੀਂ ਹਟਾਇਆ ਜਾਂਦਾ ਤਾਂ ਮੁਲਕ ਦੇ ਸਾਰੇ ਜੱਜ ਹੀ ਕਟਹਿਰੇ ਵਿੱਚ ਖੜੇ ਹੋਣਗੇ। ਭਾਵੇਂ ਕਿ ਇਹ ਪੜ੍ਹਤਾਲ ਦਾ ਵਿਸ਼ਾ ਹੈ ਕਿ ਇੱਕ ਜੱਜ ਦੇ ਘਰ ਇਨੀ ਮਾਤਰਾ ਵਿੱਚ ਨਗਦੀ ਕਿੱਥੋਂ ਆਈ ਪਰੰਤੂ ਪੜਤਾਲ ਤੋਂ ਬਿਨਾਂ ਵੀ ਸਾਰੀ ਕਹਾਣੀ ਸਾਫ਼ ਪੜੀ ਜਾ ਰਹੀ ਹੈ। ਅਦਾਲਤਾਂ ਵਿੱਚ ਵੱਡੀਆਂ ਕੁਰਸੀਆਂ ‘ਤੇ ਬੈਠੇ ਜੇਕਰ ਸਾਡੇ ਜੱਜਾਂ ਦਾ ਇਹ ਹਾਲ ਹੋਵੇਗਾ ਤਾਂ ਲੋਕ ਇਨਸਾਫ਼ ਲਈ ਕਿੱਥੇ ਜਾਣਗੇ। ਅਜਿਹੀਆਂ ਘਟਨਾਵਾਂ ਜਬਰ ਜ਼ੁਲਮ ਦਾ ਸ਼ਿਕਾਰ ਲੋਕਾਂ ਨੂੰ ਅਦਾਲਤਾਂ ਵਿੱਚ ਜਾਣ ਦੀ ਬਜਾਏ ਖੁਦ ਬਦਲਾਖ਼ੋਰੀ ਦੇ ਰਾਹ ਤੋਰ ਦਿੰਦੀਆਂ ਹਨ।