–ਆਪਣੇ ਚਹੇਤੇ ਪੁਲਿਸ ਅਫ਼ਸਰਾਂ ਨੂੰ ਬਚਾਉਣ ਦੇ ਯਤਨ ਵਿਗਾੜ ਰਹੇ ਨੇ ਸਥਿਤੀ
ਚੰਡੀਗੜ੍ਹ,23 ਮਾਰਚ, Gee98 news service
ਫੌਜ ਦੇ ਇੱਕ ਕਰਨਲ ਦੀ ਕੁੱਟਮਾਰ ਦਾ ਮੁੱਦਾ ਭਗਵੰਤ ਮਾਨ ਸਰਕਾਰ ਲਈ ਮੁਸ਼ਕਿਲਾਂ ਖੜੀਆਂ ਕਰਦਾ ਜਾਪਦਾ ਹੈ। ਪੀੜ੍ਹਤ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਨੇ ਸਾਬਕਾ ਸੈਨਿਕਾਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਪੱਕਾ ਮੋਰਚਾ ਲਗਾ ਦਿੱਤਾ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਮੋਰਚੇ ਵਿੱਚ ਪਹੁੰਚ ਕੇ ਕਰਨਲ ਬਾਠ ਦੀ ਪਤਨੀ ਅਤੇ ਹੋਰ ਸਾਬਕਾ ਸੈਨਿਕਾਂ ਨੂੰ ਮੋਰਚਾ ਖਤਮ ਕਰਨ ਦੀ ਅਪੀਲ ਕੀਤੀ।ਕਰਨਲ ਦੇ ਪਰਿਵਾਰ ਨੇ ਡਿਪਟੀ ਕਮਿਸ਼ਨਰ ਨੂੰ ਦੋ ਟੁੱਕ ਜਵਾਬ ਦੇ ਦਿੱਤਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ, ਮੋਰਚਾ ਦਿਨ ਰਾਤ ਜਾਰੀ ਰਹੇਗਾ। ਇਸ ਮਾਮਲੇ ‘ਚ ਸਾਬਕਾ ਸੈਨਿਕ ਦੋਸ਼ੀ ਪੁਲਿਸ ਅਫ਼ਸਰਾਂ ਦੇ ਖ਼ਿਲਾਫ਼ ਮਿਸਾਲੀ ਕਾਰਵਾਈ ਦੀ ਮੰਗ ‘ਤੇ ਅੜੇ ਹੋਏ ਹਨ ਤੇ ਦੂਜੇ ਪਾਸੇ ਪੰਜਾਬ ਸਰਕਾਰ ਆਪਣੇ ਚਹੇਤੇ ਅਫ਼ਸਰਾਂ ਨੂੰ ਬਚਾਉਣ ‘ਤੇ ਲੱਗੀ ਹੋਈ ਹੈ। ਪੰਜਾਬ ਸਰਕਾਰ ਹੀ ਨਹੀਂ ਬਲਕਿ ਪੰਜਾਬ ਪੁਲਿਸ ਵੀ ਕਰਨਲ ਬਾਠ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਸਿੱਧੇ ਅਸਿੱਧੇ ਤੌਰ ‘ਤੇ ਬੇਦੋਸ਼ੇ ਠਹਿਰਾਉਣ ‘ਤੇ ਲੱਗੀ ਹੋਈ ਹੈ। ਪੰਜਾਬ ਪੁਲਿਸ ਦੇ ਕੁਝ ਅਫ਼ਸਰਾਂ ਵੱਲੋਂ ਸੋਸ਼ਲ ਮੀਡੀਆ ਅਕਾਊਂਟ ‘ਤੇ ਕਰਨਲ ਦੀ ਕੁੱਟਮਾਰ ਕਰਨ ਦੇ ਮਾਮਲੇ ‘ਚ ਦੋਸ਼ੀ ਪੁਲਿਸ ਅਫਸਰਾਂ ਦੇ ਹੱਕ ਵਿੱਚ ਪੋਸਟਾਂ ਵੀ ਪਾਈਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਦੇ ਇਹਨਾਂ ਅਫ਼ਸਰਾਂ ਵੱਲੋਂ ਇਹਨਾਂ ਪੋਸਟਾਂ ਵਿੱਚ ਇਹ ਸਿੱਧੇ ਤੌਰ ‘ਤੇ ਲਿਖਿਆ ਜਾ ਰਿਹਾ ਹੈ ਕਿ ਜੇਕਰ ਫੌਜ ਦੇਸ਼ ਦੀ ਬਾਹਰੀ ਰੱਖਿਆ ਕਰਦੀ ਹੈ ਤਾਂ ਪੁਲਿਸ ਵੀ ਅੰਦਰੂਨੀ ਰੱਖਿਆ ਕਰਦੀ ਹੈ। ਪੁਲਿਸ ਅਫ਼ਸਰਾਂ ਦੀਆਂ ਇਹਨਾਂ ਪੋਸਟਾਂ ਵਿੱਚ ਇਹ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਰਾਤ ਦੇ 12 ਵਜੇ ਕਰਨਲ ਸਾਹਿਬ ਕਿਹੜੀ ਡਿਊਟੀ ਦੇ ਰਹੇ ਸਨ, ਕਿਤੇ ਨਾ ਕਿਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਕਰਨਲ ਬਾਠ ਨੂੰ ਹੀ ਕਸੂਰਵਾਰ ਠਹਿਰਾਉਣ ਦੇ ਯਤਨ ਸ਼ੁਰੂ ਹੋ ਗਏ ਹਨ ਪਰੰਤੂ ਦੋਸ਼ੀ ਪੁਲਿਸ ਅਫ਼ਸਰਾਂ ਦੇ ਹੱਕ ਵਿੱਚ ਪੋਸਟਾਂ ਪਾਉਣ ਵਾਲੇ ਪੰਜਾਬ ਪੁਲਿਸ ਦੇ ਅਫਸਰ ਇਹ ਭੁੱਲ ਰਹੇ ਹਨ ਕਿ ਜੇਕਰ ਇਸ ਮਾਮਲੇ ਵਿੱਚ ਕਰਨਲ ਦੀ ਕੋਈ ਗਲਤੀ ਸੀ ਤਾਂ ਮੌਕੇ ‘ਤੇ ਪੁਲਿਸ ਅਫ਼ਸਰਾਂ ਨੂੰ ਪੀਸੀਆਰ ਦੀ ਟੀਮ ਬੁਲਾਉਣੀ ਚਾਹੀਦੀ ਸੀ ਅਤੇ ਸਬੰਧਿਤ ਥਾਣੇ ਵਿੱਚ ਸੂਚਨਾ ਦੇ ਕੇ ਮੌਕੇ ‘ਤੇ ਡਿਊਟੀ ਅਫ਼ਸਰ ਨੂੰ ਬੁਲਾ ਕੇ ਕਾਨੂੰਨ ਅਨੁਸਾਰ ਕਰਨਲ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਸੀ, ਅਜਿਹਾ ਨਾ ਕਰਕੇ ਪੁਲਿਸ ਅਫ਼ਸਰਾਂ ਨੇ ਕਾਨੂੰਨ ਆਪਣੇ ਹੱਥ ਵਿੱਚ ਲਿਆ ਤੇ ਸਿੱਧੇ ਤੌਰ ‘ਤੇ ਕਰਨਲ ਬਾਠ ਤੇ ਉਸਦੇ ਪੁੱਤਰ ਦੀ ਸ਼ਰੇਆਮ ਬੇਤਹਾਸ਼ਾ ਕੁੱਟਮਾਰ ਕੀਤੀ ਜਿਸ ਨਾਲ ਕਰਨਲ ਬਾਠ ਦੀ ਇੱਕ ਬਾਂਹ ਟੁੱਟ ਗਈ ਅਤੇ ਉਸਦੇ ਬੇਟੇ ਦੀ ਵੀ ਕਾਫੀ ਸੱਟਾਂ ਲੱਗੀਆਂ। ਇਸ ਮਾਮਲੇ ‘ਚ ਜਿੱਥੇ ਪੰਜਾਬ ਪੁਲਿਸ ਆਪਣੇ ਚਹੇਤੇ ਪੁਲਿਸ ਅਫ਼ਸਰਾਂ ਨੂੰ ਬਚਾਉਣਾ ਚਾਹੁੰਦੀ ਹੈ, ਉਥੇ ਇਸ ਮਾਮਲੇ ਦਾ ਇੱਕ ਇਹ ਪੱਖ ਵੀ ਸਾਹਮਣੇ ਆ ਰਿਹਾ ਹੈ ਕਿ ਦੋਸ਼ੀ ਪੁਲਿਸ ਅਫ਼ਸਰ ਐਨਕਾਉਂਟਰ ਸਪੈਸ਼ਲਿਸਟ ਹਨ ਜੋ ਆਪਣੇ ਉੱਚ ਅਧਿਕਾਰੀਆਂ ਦੇ ਹੁਕਮ ‘ਤੇ ਕਿਸੇ ਵੀ ਮੁਲਜ਼ਮ ਨੂੰ ਫੜਨ ਮੌਕੇ ਉਹਨਾਂ ਦੀਆਂ ਲੱਤਾਂ ‘ਚ ਗੋਲੀਆਂ ਮਾਰ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਦੋਸ਼ੀ ਪੁਲਿਸ ਅਫ਼ਸਰਾਂ ਵਿੱਚ ਇੱਕ ਅਫ਼ਸਰ ਆਮ ਆਦਮੀ ਪਾਰਟੀ ਦੇ ਬਰਨਾਲਾ ਨਾਲ ਸੰਬੰਧਿਤ ਇੱਕ ਸੂਬਾ ਪੱਧਰੀ ਆਗੂ ਦਾ ਬੇਟਾ ਵੀ ਹੈ, ਜਿਸ ਨੂੰ ਬਚਾਉਣ ਲਈ ਵੀ ਸੱਤਾਧਾਰੀ ਆਗੂਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ। ਇਸ ਮਾਮਲੇ ‘ਚ ਪਟਿਆਲਾ ਦੇ ਐਸਐਸਪੀ ਦੀ ਭੂਮਿਕਾ ‘ਤੇ ਵੀ ਉਗਲਾਂ ਉਠ ਰਹੀਆਂ ਹਨ। ਇੱਕ ਪਾਸੇ ਐਸਐਸਪੀ ਸਾਹਿਬ ਪੀੜ੍ਹਤ ਪਰਿਵਾਰ ਤੋਂ ਮਾਫ਼ੀ ਮੰਗ ਰਹੇ ਹਨ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਪੂਰੀ ਯੋਜਨਾਬੱਧ ਤਰੀਕੇ ਨਾਲ ਸੋਸ਼ਲ ਮੀਡੀਆ ‘ਤੇ ਆਪਣੇ ਪੁਲਿਸ ਅਫ਼ਸਰਾਂ ਦੇ ਹੱਕ ਵਿੱਚ ਇੱਕ ਲਹਿਰ ਚਲਾਉਣ ਦਾ ਯਤਨ ਕੀਤੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿ ਮੰਤਰਾਲਾ ਹੋਣ ਦੇ ਬਾਵਜੂਦ ਵੀ ਭਗਵੰਤ ਮਾਨ ਨੇ ਇਸ ਮੁੱਦੇ ਵੱਲ ਸਮੇਂ ਸਿਰ ਧਿਆਨ ਨਹੀਂ ਦਿੱਤਾ ਜਿਸ ਨਾਲ ਇਹ ਮਾਮਲਾ ਹੋਰ ਜ਼ਿਆਦਾ ਤੂਲ ਫੜ ਗਿਆ। ਕਿਤੇ ਨਾ ਕਿਤੇ ਇਸ ਮੁੱਦੇ ਨੂੰ ਪੁਲਿਸ ਬਦਨਾਮ ਫੌਜ ਬਣਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ ਜਿਸ ਤੋਂ ਦੋਵੇਂ ਤਰ੍ਹਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਬਹਰਹਾਲ ! ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਤੁਰੰਤ ਇਸ ਮੁੱਦੇ ‘ਤੇ ਨਿੱਜੀ ਦਖਲਅੰਦਾਜੀ ਕਰਕੇ ਇਸ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ, ਨਹੀਂ ਤਾਂ ਇਹ ਮਾਮਲਾ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਨਹੀਂ ਸਗੋਂ “ਟੁੱਟੇ ਹੋਏ ਮਣਕਿਆ ਵਾਲੀ ਰੀੜ ਦੀ ਹੱਡੀ” ਬਣ ਸਕਦਾ ਹੈ।