ਚੰਡੀਗੜ੍ਹ,23 ਮਾਰਚ, Gee98 news service
-ਪੰਜਾਬ ਦੇ ਮੁੱਖ ਸਕੱਤਰ ਨੇ ਸੂਬੇ ਦੇ ਸਾਰੇ ਵਿਭਾਗਾਂ ਦੇ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੇ ਕੰਮਾਂਕਾਰਾਂ ਨਾਲ ਸੰਬੰਧਿਤ ਬਕਾਇਆ ਪਈਆਂ ਅਰਜ਼ੀਆਂ ਦੀ ਡਿਟੇਲ ਮੰਗ ਲਈ ਹੈ। ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਇੱਕ ਪੱਤਰ ਲਿਖ ਕੇ ਹੁਕਮ ਦਿੱਤੇ ਹਨ ਕਿ 26 ਮਾਰਚ ਨੂੰ ਸਵੇਰੇ 11 ਵਜੇ ਤੱਕ ਲਿਖ਼ਤੀ ਤੌਰ ‘ਤੇ ਦੱਸਿਆ ਜਾਵੇ ਕਿ ਹੁਣ ਤੱਕ ਕਿਹੜੇ ਦਫ਼ਤਰ ਵਿੱਚ ਕਿਹੜੇ ਕੰਮ ਨਾਲ ਸੰਬੰਧਿਤ ਕਿਹੜੇ ਕਰਮਚਾਰੀ ਕੋਲ ਲੋਕਾਂ ਦੀਆਂ ਕਿੰਨੀਆਂ ਅਰਜ਼ੀਆਂ ਰੁਕੀਆਂ ਹੋਈਆਂ ਹਨ। ਮੁਖ ਸਕੱਤਰ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਿਥੇ ਸਮੇਂ ਤੱਕ ਬਕਾਇਆ ਪਈਆਂ ਅਰਜ਼ੀਆਂ ਸਬੰਧੀ ਲੋੜੀਂਦੀ ਜਾਣਕਾਰੀ ਨਾ ਦਿੱਤੀ ਗਈ ਤਾਂ ਇਹ ਮੰਨ ਲਿਆ ਜਾਵੇਗਾ ਕਿ ਸਬੰਧਿਤ ਅਧਿਕਾਰੀ ਅਤੇ ਸਕੱਤਰ ਆਪਣੇ ਵਿਭਾਗ ਵਿੱਚ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਵਿਭਾਗਾਂ ਦੇ ਬਹੁਤੇ ਕਰਮਚਾਰੀਆਂ ਵੱਲੋਂ ਹੇਠਲੇ ਪੱਧਰ ‘ਤੇ ਲੋਕਾਂ ਦੀਆਂ ਅਰਜ਼ੀਆਂ ਨੂੰ ਜਾਣ ਬੁੱਝ ਕੇ ਰੋਕ ਕੇ ਰੱਖਿਆ ਜਾਂਦਾ ਹੈ, ਜਿਸ ਦਾ ਮੁੱਖ ਕਾਰਨ ਰਿਸ਼ਵਤ ਹੀ ਹੁੰਦਾ ਹੈ। ਮੁੱਖ ਸਕੱਤਰ ਵੱਲੋਂ ਮੰਗੀ ਗਈ ਜਾਣਕਾਰੀ ਦੇ ਨਾਲ ਬਹੁਤੇ ਕਰਮਚਾਰੀਆਂ ਨੂੰ ਤਰੇਲੀਆਂ ਆਉਣੀਆਂ ਸੁਭਾਵਿਕ ਹਨ ਕਿਉਂਕਿ ਲੰਬੇ ਸਮੇਂ ਤੋਂ ਬਕਾਇਆ ਪਹਿਲਾਂ ਅਰਜ਼ੀਆਂ ਸਬੰਧੀ ਜਦ ਮੁੱਖ ਸਕੱਤਰ ਕੋਲ ਡਿਟੇਲ ਜਾਣਕਾਰੀ ਪੁੱਜੇਗੀ ਤਾਂ ਅਰਜ਼ੀ ਦਾ ਲੰਮਾ ਸਮਾਂ ਲਟਕੇ ਹੋਣ ਦਾ ਕਾਰਨ ਵੀ ਪੁੱਛਿਆ ਜਾ ਸਕਦਾ ਹੈ। ਆਮ ਲੋਕਾਂ ਵੱਲੋਂ ਮੁੱਖ ਸਕੱਤਰ ਦੀ ਇਸ ਪਹਿਲਕਦਮੀ ਦਾ ਸਵਾਗਤ ਕੀਤਾ ਜਾ ਰਿਹਾ ਪ੍ਰੰਤੂ ਇਹ ਵੀ ਦੇਖਣਯੋਗ ਹੋਵੇਗਾ ਕਿ ਲੰਮੇ ਸਮੇਂ ਤੋਂ ਲਟਕੀਆਂ ਅਰਜ਼ੀਆਂ ਦੀ ਸੂਚਨਾ ਜਦ ਮੁੱਖ ਸਕੱਤਰ ਨੂੰ ਮਿਲੇਗੀ ਤਾਂ ਸਬੰਧਿਤ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਮੁੱਖ ਸਕੱਤਰ ਦੇ ਇਹ ਹੁਕਮ ਗੋਗਲੂਆਂ ਤੋਂ ਮਿੱਟੀ ਝਾੜਨ ਵਰਗੇ ਹੀ ਹੋਣਗੇ।