ਬਰਨਾਲਾ 10 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਅੰਦੋਲਨ ਦਿਨੋਂ ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਕਈ ਮਹੀਨੇ ਦੇ ਸ਼ਾਂਤਮਈ ਅੰਦੋਲਨ ਤੋਂ ਬਾਅਦ ਕਿਤੇ ਨਾ ਕਿਤੇ ਹਿੰਸਕ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ ਹਨ। ਕੇਂਦਰ ਸਰਕਾਰ ਦੀ ਚੁੱਪ ਕਾਰਨ ਲੋਕਾਂ ਦਾ ਗੁੱਸਾ ਕੰਟਰੋਲ ਤੋਂ ਬਾਹਰ ਹੋ ਰਿਹਾ ਹੈ। ਸਰਕਾਰ ਸਾਰੇ ਹਾਲਾਤਾਂ ਤੋਂ ਭਲੀਭਾਂਤ ਜਾਣੂ ਹੈ ਪ੍ਰੰਤੂ ਫਿਰ ਵੀ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਕਰਨ ਦੀ ਪਹਿਲਕਦਮੀ ਨਹੀਂ ਕਰ ਰਹੀ। ਜਿਸ ਦੇ ਸਿੱਟੇ ਵਜੋਂ ਅੰਦੋਲਨ ਕਰ ਰਹੇ ਕਿਸਾਨਾਂ ਅੰਦਰ ਰਾਜਨੀਤਿਕ ਪਾਰਟੀਆਂ ਦੇ ਵਿਰੋਧ ਦੀ ਭਾਵਨਾ ਪ੍ਰਬਲ ਹੋ ਰਹੀ ਹੈ। ਸਿਆਸੀ ਆਗੂਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੁਝ ਅਣਸੁਖਾਵੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਬੀਤੇ ਕੱਲ੍ਹ ਜਲੰਧਰ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਰੈਲੀ ਵਿੱਚ ਪੁੱਜੇ ਸੁਖਬੀਰ ਸਿੰਘ ਬਾਦਲ ਦੇ ਗੱਡੀਆਂ ਦੇ ਕਾਫ਼ਲੇ ਵੱਲ ਭੀੜ ਵਿਚੋਂ ਕਿਸੇ ਨੇ ਜੁੱਤੀ ਵਗ੍ਹਾ ਕੇ ਮਾਰੀ ਜੋ ਸੁਖਬੀਰ ਬਾਦਲ ਦੀ ਗੱਡੀ ਉਪਰ ਜਾ ਲੱਗੀ। ਇਹ ਘਟਨਾਵਾਂ ਇਸ ਗੱਲ ਦਾ ਸੰਕੇਤ ਹਨ ਕਿ ਜੇਕਰ ਵਿਧਾਨ ਸਭਾ ਚੋਣਾਂ ਤਕ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਪਿੰਡਾਂ ਵਿੱਚ ਚੋਣ ਪ੍ਰਚਾਰ ਦੌਰਾਨ ਮਾਹੌਲ ਕਿਹੋ ਜਿਹਾ ਹੋਵੇਗਾ। ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀਆਂ ਨੂੰ ਖੇਤੀ ਕਾਨੂੰਨ ਰੱਦ ਹੋਣ ਤੱਕ ਵੱਡੇ ਇਕੱਠ ਕਰਨ ਤੋਂ ਵਰਜਿਆ ਹੋਇਆ ਹੈ ਪ੍ਰੰਤੂ ਫਿਰ ਵੀ ਸਾਰੀਆਂ ਸਿਆਸੀ ਪਾਰਟੀਆਂ ਸਿਆਸੀ ਇਕੱਠ ਕਰ ਰਹੀਆਂ ਹਨ। ਸਿਆਸੀ ਪਾਰਟੀਆਂ ਦੇ ਇਕੱਠ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ। ਜੇਕਰ ਹਾਲਾਤ ਇਹੋ ਜਿਹੇ ਹੀ ਰਹੇ ਤਾਂ ਮਾਹੌਲ ਇਸ ਤੋਂ ਵੀ ਹੋਰ ਜ਼ਿਆਦਾ ਵਿਗੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਅੰਦੋਲਨ ਵਿਰੋਧੀ ਤਾਕਤਾਂ ਆਪਣੇ ਉਸ ਮਿਸ਼ਨ ਵਿੱਚ ਕਾਮਯਾਬ ਵੀ ਹੋ ਸਕਦੀਆਂ ਹਨ ਜਿਸ ਦੀ ਤਿਆਰੀ ਪਿਛਲੇ ਤਿੰਨ ਕੁ ਮਹੀਨਿਆਂ ਤੋਂ ਪੂਰੇ ਯੋਜਨਾਬੱਧ ਤਰੀਕੇ ਨਾਲ ਕੀਤੀ ਜਾ ਰਹੀ ਹੈ,ਜੇਕਰ ਇਹ ਕਿਸਾਨ ਅੰਦੋਲਨ ਵਿਰੋਧੀ ਤਾਕਤਾਂ ਇਸ ਮਿਸ਼ਨ ਵਿੱਚ ਕਾਮਯਾਬ ਹੋ ਗਈਆਂ ਤਾਂ ਪੰਜਾਬ ‘ਚ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹੋਣਗੀਆਂ।