ਚੰਡੀਗੜ, 11 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਸੀਬੀਐਸਈ ਨੇ ਦਸਵੀਂ ਤੇ ਬਾਰਵੀਂ ਦਾ ਪ੍ਰੀਖਿਆ ਪੈਟਰਲ ਬਦਲ ਦਿੱਤਾ ਹੈ ਅਤੇ ਨਾਲ ਹੀ ਓਐਮਆਰ ਸ਼ੀਟਾਂ ਵਿੱਚ ਵੀ ਇੱਕ ਵਾਧੂ ਆਪਸ਼ਨ ਦਾ ਖਾਨਾ ਦਿੱਤਾ ਹੈ। ਸੀਬੀਐਸਈ ਇਸ ਵਾਰ ਸਾਲ ਵਿੱਚ ਦੋ ਵਾਰ ਪ੍ਰੀਖਿਆ ਲਵੇਗਾ। ਪਹਿਲੀ ਪ੍ਰੀਖਿਆ ਬਹੁ-ਵਿਕਲਪੀ (ਮਲਟੀ ਚੁਆਇਸ਼) ਸਵਾਲਾਂ ’ਤੇ ਅਧਾਰਿਤ ਹੋਵੇਗੀ ਜਿਸ ਦਾ ਸਮਾਂ 90 ਮਿੰਟ ਹੋਵੇਗਾ। ਮਾਰਚ ਵਿੱਚ ਹੋਣ ਵਾਲੀ ਦੂਜੀ ਪ੍ਰੀਖਿਆ ਸਬਜੈਕਟ ਟਾਈਪ ਹੋਵੇਗੀ ਜਿਸ ਦਾ ਸਮਾਂ 120 ਮਿੰਟ ਹੋਵੇਗਾ। ਬਹੁ ਵਿਕਲਪੀ ਪ੍ਰੀਖਿਆ ਲਈ ਓਐਮਆਰ ਸ਼ੀਟ ਵਿੱਚ ਇੱਕ ਵਾਧੂ ਖਾਨਾ ਦਿੱਤਾ ਜਾਵੇਗਾ। ਜੇਕਰ ਵਿਦਿਆਰਥੀ ਨੇ ਏ,ਬੀ,ਸੀ,ਡੀ, ਆਪਸ਼ਨਾਂ ਵਿੱਚੋਂ ‘ਏ’ ਆਪਸ਼ਨ ਭਰੀ ਹੈ, ਪਰ ਬਾਅਦ ਵਿੱਚ ਵਿਦਿਆਰਥੀ ਨੂੰ ਲੱਗੇ ਕਿ ਉਸ ਨੇ ‘ਸੀ’ ਜਵਾਬ ਭਰਨਾ ਸੀ ਤਾਂ ਵਿਦਿਆਰਥੀ ‘ਏ’ ਦੇ ਜਵਾਬ ਨੂੰ ਕੱਟ ਕੇ ‘ਸੀ’ ਵਾਲਾ ਖਾਨਾ ਭਰ ਸਕਦਾ ਹੈ,ਇੱਥੇ ਇਹ ਧਿਆਨ ਰੱਖਣਾ ਹੋਵੇਗਾ ਕਿ ਇੱਕ ਵਾਧੂ ਦਿੱਤੇ ਖਾਨੇ ਵਿੱਚ ‘ਸੀ’ ਭਰਨਾ ਲਾਜ਼ਮੀ ਹੋਵੇਗਾ, ਨਹੀਂ ਤਾਂ ਸਵਾਲ ਦਾ ਕੋਈ ਅੰਕ ਨਹੀਂ ਦਿੱਤਾ ਜਾਵੇਗਾ ਭਾਵ ਜੇਕਰ ਪਹਿਲਾਂ ਦਿੱਤੇ ਜਵਾਬ ਨੂੰ ਵਿਦਿਆਰਥੀ ਬਦਲਣਾ ਚਾਹੁੰਦਾ ਹੈ ਤਾਂ ਉਸ ਨੂੰ ਦੁਬਾਰਾ ਦਿੱਤਾ ਜਵਾਬ ਵਾਧੂ ਖਾਨੇ ਵਿੱਚ ਵੀ ਭਰਨਾ ਹੋਵੇਗਾ। ਸੀਬੀਐਸਈ ਨੇ ਵਿਦਿਅਰਥੀਆਂ ਨੂੰ ਨਵੇਂ ਤਰੀਕੇ ਅਨੁਸਾਰ ਹੀ ਤਿਆਰੀ ਕਰਨ ਲਈ ਕਿਹਾ ਹੈ।