ਬਰਨਾਲਾ, 13 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਸਰਕਾਰੀ ਸੰਸਥਾਵਾਂ ਉਸਾਰੀ ਤੋਂ ਬਾਅਦ ਜਦ ਬਣ ਕੇ ਤਿਆਰ ਹੋ ਜਾਂਦੀਆਂ ਹਨ ਤਾਂ ਕਈ-ਕਈ ਮਹੀਨੇ, ਇੱਥੋ ਤੱਕ ਕਿ ਕਈ-ਕਈ ਸਾਲ ਵੀ ਇਹ ਸੰਸਥਾਵਾਂ ‘ਨੇਤਾ ਜੀ’ ਨੂੰ ਉਡੀਕਦੀਆਂ ਰਹਿੰਦੀਆਂ ਹਨ ਕਿ ਕਦੋਂ ਕੋਈ ਨੇਤਾ ਆ ਕੇ ਉਦਘਾਟਨ ਦੀ ਰਸਮ ਕਰੇਗਾ ਅਤੇ ਇਹ ਸੰਸਥਾਵਾਂ ਲੋਕਾਂ ਦੀ ਸੇਵਾ ਲਈ ਹਾਜ਼ਰ ਹੋਣਗੀਆਂ, ਪ੍ਰੰਤੂ ਬਰਨਾਲਾ ਦੀ ਮਹਾਰਾਜਾ ਅਗਰਸੈਨ ਇਨਕਲੇਵ ਵਿੱਚ ਨਗਰ ਸੁਧਾਰ ਟਰੱਸਟ ਵੱਲੋਂ ਤਿਆਰ ਕੀਤਾ ਮਿੰਨੀ ਬੱਸ ਸਟੈਂਡ ਆਪਣੇ ਉਦਘਾਟਨ ਤੋਂ ਡੇਢ ਮਹੀਨੇ ਬਾਅਦ ਵੀ ਲਾਰੀਆਂ, ਸਵਾਰੀਆਂ ਅਤੇ ਅਧੂਰੀਆਂ ਰਹਿੰਦੀਆਂ ਤਿਆਰੀਆਂ ਲਈ ਤਰਸ ਰਿਹਾ ਹੈ। ਸਿਆਣੇ ਕਹਿੰਦੇ ਨੇ ਕਿ ਜਦ ਸਮਾਂ ਘੱਟ ਹੋਵੇ ਤਾਂ ਬੂਹੇ ਜੰਝ ਆਉਣ ’ਤੇ ਵੀ ਕੁੜੀ ਦੇ ਕੰਨ ਵਿੰਨ ਦਿੱਤੇ ਜਾਂਦੇ ਹਨ, ਪਰ ਮਿੰਨੀ ਬੱਸ ਸਟੈਂਡ ਦੀ ਹਾਲਤ ਇਹ ਹੈ ਕਿ ਕੁੜੀ ਦੇ ਕੰਨ ਪੱਕ ਵੀ ਚੁੱਕੇ ਹਨ ਪਰ ਜੰਝ ਬੂਹੇ ਨਹੀਂ ਪੁੱਜੀ। ਇਹ ਮਿੰਨੀ ਬੱਸ ਸਟੈਂਡ ਸ਼ੁਰੂ ਤੋਂ ਹੀ ਚਰਚਾ ਵਿੱਚ ਰਿਹਾ ਹੈ । ਇਸ ਮਿੰਨੀ ਬੱਸ ਸਟੈਂਡ ਦੇ ਨਕਸੇ ਉੱਪਰ ਰਾਹਗੀਰ ਸਵਾਲ ਹੀ ਖੜੇ ਨਹੀਂ ਕਰ ਰਹੇ ਸਗੋਂ ਨਗਰ ਸੁਧਾਰ ਟਰੱਸਟ ਦੇ ਇੰਜਨੀਅਰਾਂ ਦੀ ਕਾਰਜ-ਕੁਸ਼ਲਤਾ ’ਤੇ ਮਿੱਠਾ ਹਾਸਾ ਹੱਸ ਕੇ ਅੱਗੇ ਲੰਘ ਜਾਂਦੇ ਹਨ। ਲੱਗਦਾ ਨਹੀਂ ਹੈ ਕਿ ਮਿੰਨੀ ਬੱਸ ਸਟੈਂਡ ਦੇ ਸੈੱਡ ਦੀ ਉਚਾਈ ਸਵਾਰੀਆਂ ਨੂੰ ਧੁੱਪ/ਮੀਂਹ ਤੋਂ ਬਚਾ ਸਕੇਗੀ । ਸੈੱਡ ਦੀ ਉਚਾਈ ਕਰੀਬ 25 ਫੁੱਟ ਹੈ, ਹੈਰਾਨੀ ਦੀ ਗੱਲ ਹੈ ਕਿ ਬਿਜਲੀ ਦੇ ਪੱਖੇ ਕਰੀਬ 15 ਫੁੱਟ ਦੀ ਉਚਾਈ ’ਤੇ ਲੱਗੇ ਹੋਏ ਹਨ। ਪੱਖਿਆਂ ਦੀ ਹਵਾ ਦਾ ਆਨੰਦ ਸਵਾਰੀਆਂ ਕਿਵੇ ਲੈਣਗੀਆਂ, ਇਹ ਭੇਤ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਹੀ ਦੱਸ ਸਕਦੇ ਹਨ। ਚਰਚਾ ਅਨੁਸਾਰ ਇਸ ਮਿੰਨੀ ਬੱਸ ਸਟੈਂਡ ਉੱਪਰ ਕਰੀਬ 30 ਲੱਖ ਦੀ ਗਰਾਂਟ ਲਗਾਈ ਗਈ ਹੈ ਪ੍ਰੰਤੂ ਮੁਕੰਮਲ ਹੋ ਚੁੱਕਿਆ ਕੰਮ ਗਰਾਂਟ ਦੇ ਅੰਕੜਿਆਂ ਦੀ ਤਸਦੀਕ ਨਹੀਂ ਕਰਦਾ ਅਤੇ ਨਗਰ ਸੁਧਾਰ ਟਰੱਸਟ ਦਾ ਕੋਈ ਅਧਿਕਾਰੀ ਵੀ ਇਸ ਸੰਬੰਧੀ ਗੱਲ ਕਰਨ ਲਈ ਤਿਆਰ ਨਹੀਂ ਹੈ। ਸ਼ਹਿਰ ਵਿੱਚ ਸਾਈਨ ਬੋਰਡਾਂ ਦੇ ਘੁਟਾਲੇ ਦੀ ਚਰਚਾ ਤੋਂ ਬਾਅਦ ਮਿੰਨੀ ਬੱਸ ਸਟੈਂਡ ਦੀ ਉਸਾਰੀ ਉੱਪਰ ਖ਼ਰਚ ਕੀਤੇ ਮਾਲੀ ਅੰਕੜੇ ਅਤੇ ਮੁਕੰਮਲ ਕੀਤੇ ਕੰਮ ਦਾ ਫਰਕ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਵਾਲੀ ਕਹਾਵਤ ਤੇ ਖ਼ਰਾ ਉੱਤਰਦਾ ਹੈ। ਆਮ ਲੋਕ ਮਿੰਨੀ ਬੱਸ ਸਟੈਂਡ ਦੀ ਲੋਕੇਸ਼ਨ ਉੱਪਰ ਵੀ ਸਵਾਲ ਖੜੇ ਕਰ ਰਹੇ ਹਨ। ਨਗਰ ਸੁਧਾਰ ਟਰੱਸਟ ਦੇ ‘ਰਾਜੇ ਅਤੇ ਅਹਿਲਕਾਰਾਂ’ ਵੱਲੋਂ ‘ਕਿਸੇ ਮੰਤਵ’ ਲਈ ਇਸ ਮਿੰਨੀ ਬੱਸ ਸਟੈਂਡ ਦੀ ਉਸਾਰੀ ਕੀਤੀ ਹੋ ਸਕਦੀ ਹੈ ਪ੍ਰੰਤੂ ਸੂਹੇ ਰੰਗ ਦੇ ਕੱਪੜੇ ਹੇਠ ਸੁਨਿਹਰੀ ਲਿਖਾਈ ਦੇ ਉਦਘਾਟਨੀ ਪੱਥਰ ਦੀ ਇਬਾਰਤ ਅਨੁਸਾਰ ‘ਨੇਤਾ ਜੀ’ ਨੇ ਸ਼ਾਇਦ ਮਿੰਨੀ ਬੱਸ ਸਟੈਂਡ ਦੀ ਲੋਕੇਸ਼ਨ ਵੱਲ ਧਿਆਨ ਹੀ ਨਹੀਂ ਦਿੱਤਾ। ਇਹ ਗੱਲ ਮੰਨਣਯੋਗ ਨਹੀਂ ਲੱਗਦੀ ਕਿ ਨੇਤਾ ਜੀ ਨੂੰ ਮਿੰਨੀ ਬੱਸ ਸਟੈਡ ਦੀ ਉਸਾਰੀ ਉੱਪਰ ਗਰਾਂਟ ਦੇ ਅੰਕੜਿਆਂ ਦਾ ਇਲਮ ਨਾ ਹੋਵੇ, ਜੇਕਰ ਅਜਿਹਾ ਹੈ ਤਾਂ ਨੇਤਾ ਜੀ ਨੂੰ ਸ਼ਹਿਰ ਵਿੱਚ ਹੋ ਰਹੇ ਵਿਕਾਸ ਕਾਰਜਾਂ ਸੰਬੰਧੀ ਮਾਲੀ ਅੰਕੜੇ ਅਤੇ ਮੁਕੰਮਲ ਹੋਏ ਕੰਮਾਂ ਦਾ ਫਰਕ ਪਤਾ ਕਰ ਲੈਣਾ ਚਾਹੀਦਾ ਹੈ ਕਿਉਂਕਿ ਕੁਝ ਮਹੀਨੇ ਬਾਅਦ ਵੋਟਾਂ ਦੀ ਖ਼ੈਰ ਮੰਗਣ ਵੇਲੇ ਇੰਨਾਂ ਅੰਕੜਿਆਂ ਦਾ ਫਰਕ ਝੋਲੀ ਵਿੱਚ ਪੈ ਸਕਦਾ ਹੈ।
