ਬਰਨਾਲਾ, 14 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਸੰਤ ਅਤਰ ਸਿੰਘ ਯਾਦਗਾਰੀ ਸਾਹਿਤਕ ਟਰੱਸਟ ਘੁੰਨਸ ਵੱਲੋਂ ਸਾਲਾਨਾ ਐਵਾਰਡ ਇਸ ਵਾਰ ਪੰਜਾਬੀ ਦੇ ਲੇਖਕ ਅਤੇ ਆਲੋਚਕ ਸੁਰਜੀਤ ਸਿੰਘ ਬਰਾੜ ਨੂੰ ਦਿੱਤਾ ਜਾਵੇਗਾ । ਇਹ ਜਾਣਕਾਰੀ ਐਵਾਰਡ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ ਨੇ ਦਿੰਦੇ ਹੋਏ ਦੱਸਿਆ ਕਿ ਸਨਮਾਨ ਕਮੇਟੀ ਦੇ ਜਨਰਲ ਸੈਕਟਰੀ ਬੂਟਾ ਸਿੰਘ ਚੌਹਾਨ, ਸੀ ਮਾਰਕੰਡਾ ਪ੍ਰਧਾਨ, ਡਾ.ਭੁਪਿੰਦਰ ਸਿੰਘ ਬੇਦੀ, ਲਛਮਣ ਦਾਸ ਮੁਸਾਫ਼ਿਰ ਤੇ ਹੋਰਾਂ ਮੈਂਬਰਾਂ ਦੀ ਮੀਟਿੰਗ ਵਿੱਚ ਸ. ਬਰਾੜ ਨੂੰ ਇਹ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਐਵਾਰਡ 15 ਅਕਤੂਬਰ ਨੂੰ ਦੁਪਿਹਰ 12 ਵਜੇ ਗੁਰਦੁਆਰਾ ਤਪ ਸਥਾਨ ਘੁੰਨਸ ਵਿਖੇ ਸੰਗਤ ਦੀ ਹਾਜ਼ਰੀ ਵਿਚ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਐਵਾਰਡ 1991 ਵਿਚ ਸ਼ੁਰੂ ਕੀਤਾ ਗਿਆ ਸੀ। ਹਰ ਸਾਲ ਸਨਮਾਨਿਤ ਹੋਣ ਵਾਲੇ ਲੇਖਕਾਂ ਦੀ ਗਿਣਤੀ ਇਕ ਤੋਂ ਵਧ ਕੇ ਪੰਜ-ਪੰਜ ਤੱਕ ਵੀ ਹੁੰਦੀ ਰਹੀ ਹੈ । ਹੁਣ ਤੱਕ ਇਹ ਐਵਾਰਡ 60 ਤੋਂ ਵਧੇਰੇ ਲੇਖਕਾਂ/ਨਾਮਵਰ ਸਖ਼ਸੀਅਤਾਂ ਨੂੰੂ ਦਿੱਤਾ ਜਾ ਚੁੱਕਾ ਹੈ, ਜਿਨਾਂ ਵਿਚ ਸੋਹਣ ਸਿੰਘ ਸ਼ੀਤਲ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ, ਦਲੀਪ ਕੌਰ ਟਿਵਾਣਾ, ਸੰਤੋਖ ਸਿੰਘ ਧੀਰ, ਗੁਰਬਚਨ ਸਿੰਘ ਭੁੱਲਰ, ਇੰਦਰਜੀਤ ਸਿੰਘ ਹਸਨਪੁਰੀ, ਸੁਰਜੀਤ ਪਾਤਰ, ਸਰਦਾਰ ਪੰਛੀ ਤੋਂ ਇਲਾਵਾ ਹੋਰ ਪ੍ਰਸਿੱਧ ਲੇਖਕਾਂ ਦੇ ਨਾਮ ਸ਼ਾਮਿਲ ਹਨ। ਉਨਾਂ ਦੱਸਿਆ ਕਿ ਸੁਰਜੀਤ ਸਿੰਘ ਬਰਾੜ ਨੂੰ ਸਨਮਾਨ ਵਿਚ 5100 ਰੁਪਏ ਨਕਦ ਅਤੇ ਗਰਮ ਸ਼ਾਲ ਭੇਟ ਕੀਤਾ ਜਾਵੇਗਾ ।