-ਭਾਰਤੀ ਨੇਤਾਵਾਂ ਦੀ ਚੰਬਲ ਦੇ ਡਾਕੂਆਂ ਨਾਲ ਕੀਤੀ ਤੁਲਨਾ
ਬਰਨਾਲਾ,14 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਜੇਕਰ ਚੰਗੇ ਲੋਕ ਰਾਜਨੀਤੀ ’ਚ ਪ੍ਰਵੇਸ਼ ਨਹੀਂ ਕਰਨਗੇ ਤਾਂ ਬੁਰੇ ਲੋਕ ਰਾਜ ਕਰਦੇ ਰਹਿਣਗੇ। ਜੇ ਰਾਜਭਾਗ ਨਹੀਂ ਸੰਭਾਲੋਗੇ ਤਾਂ ਲੁੱਟੇ ਜਾਵੋਗੇ, ਕੁੱਟੇ ਜਾਵੋਗੇ ਅਤੇ ਮਾਰੇ ਵੀ ਜਾਵੋਗੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਧਨੌਲਾ ਵਿਖੇ ਲਖੀਮਪੁਰ ਦੇ ਸ਼ਹੀਦ ਕਿਸਾਨਾਂ ਅਤੇ ਅਤੇ ਇੱਕ ਪੱਤਰਕਾਰ ਦੇ ਸਰਧਾਂਜਲੀ ਸਮਾਗਮ ਵਿੱਚ ਸ਼ਾਮਲ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਅਜੋਕੇ ਦੌਰ ਦੀ ਰਾਜਨੀਤੀ ਉੱਪਰ ਟਿੱਪਣੀ ਕਰਦੇ ਹੋਏ ਸ. ਚੜੂਨੀ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ’ਚ ਆ ਚੁੱਕੀ ਰਾਜਨੀਤੀ ਨੇ ਲੁੱਟਨੀਤੀ ਦਾ ਰੂਪ ਧਾਰਨ ਕਰ ਲਿਆ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਚੰਬਲ ਦੇ ਡਾਕੂਆਂ ਨੇ ਨਹੀਂ ਲੁੱਟਿਆ ਸਗੋਂ ਨੇਤਾਵਾਂ ਨੇ ਹੀ ਲੁੱਟਿਆ ਹੈ। ਉਨਾਂ ਕਿਹਾ ਕਿ ਹਰ 32 ਮਿੰਟਾਂ ਵਿੱਚ ਇੱਕ ਕਿਸਾਨ ਮਰਦਾ ਹੈ। ਕਿਉਂਕਿ ਸਾਡੇ ਮੁਲਕ ਦੀ ਰਾਜਨੀਤੀ ਕਿਸਾਨ, ਮਜ਼ਦੂਰ ਵਿਰੋਧੀ ਹੈ। ਇੱਥੇ 4-5 ਲੱਖ ਦਾ ਕਰਜ਼ੇਦਾਰ ਆਤਮਹੱਤਿਆ ਕਰ ਜਾਂਦਾ ਹੈ ਕਿਉਂਕਿ ਉਸ ਨੂੰ ਬੈਕਾਂ/ਸ਼ਾਹੂਕਾਰਾਂ ਵੱਲੋਂ ਤੰਗ ਕੀਤਾ ਜਾਂਦਾ ਹੈ ਪ੍ਰੰਤੂ ਦੂਜੇ ਪਾਸੇ ਦੇਸ਼ ਦਾ ਹਜ਼ਾਰਾਂ ਕਰੋੜ ਰੁਪਏ ਦੱਬੀ ਬੈਠੇ ਪੂੰਜੀਪਤੀ ਆਤਮਹੱਤਿਆ ਕਰਨ ਦੀ ਬਜਾਏ ਵਿਦੇਸ਼ਾਂ ਵਿੱਚ ਐਸ਼ ਕਰ ਰਹੇ ਹਨ। ਕਿਉਂਕਿ ਸਾਡੇ ਮੁਲਕ ਦੀ ਰਾਜਨੀਤੀ ਉੱਪਰ ਉਨਾਂ ਦਾ ਕਬਜ਼ਾ ਹੈ। ਸ. ਚੜੂਨੀ ਨੇ ਵਿਧਾਨ ਸਭਾ ਚੋਣਾਂ ਖੁੱਲ ਕੇ ਲੜਨ ਦੀ ਵਕਾਲਤ ਕਰਦੇ ਹੋਏ ਕਿਹਾ ਕਿ ‘‘ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੋਵੇਗੀ’’। ਉਨਾਂ ਕਿਹਾ ਕਿ ਜਦੋਂ ਤੱਕ ਕਾਨੂੰਨ ਲਿਖਣ ਵਾਲੀ ਕਲਮ ਸਾਡੇ ਆਪਣੇ ਹੱਥਾਂ ਵਿੱਚ ਨਹੀਂ ਆਵੇਗੀ, ਲੋਕ ਵਿਰੋਧੀ ਕਾਨੂੰਨ ਬਣਦੇ ਰਹਿਣਗੇ, ਅੰਦੋਲਨ ਹੁੰਦੇ ਰਹਿਣਗੇ ਅਤੇ ਬੇਕਸੂਰੇ ਲੋਕ ਮਰਦੇ ਰਹਿਣਗੇ। ਸ. ਚੜੂਨੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ 2022 ਦੀ ਵਿਧਾਨ ਸਭਾ ਚੋਣ ਵਿੱਚ ਹਰ ਹਲਕੇ ਵਿੱਚ ਇੱਕ ਚੰਗਾ ਬੰਦਾ ਚੁਣ ਲਵੋ ਤਾਂ 2024 ’ਚ ਲੋਕ ਸਭਾ ਚੋਣਾਂ ਮੌਕੇ ਦੇਸ਼ ਤੁਹਾਡੇ ਮਗਰ ਹੋਵੇਗਾ।