ਬਰਨਾਲਾ,17 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਨਗਰ ਕੌਂਸਲ ਬਰਨਾਲਾ ਵੱਖ-ਵੱਖ ਕੰਮਾਂ ਵਿੱਚ ਹੋਏ ਘੁਟਾਲਿਆਂ ਦੇ ਦੋਸ਼ਾਂ ਕਾਰਨ ਚਰਚਾ ਵਿੱਚ ਤਾਂ ਹੈ ਹੀ, ਦੂਜੇ ਪਾਸੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਵੀ ਨਗਰ ਕੌਂਸਲ ਲਾਪ੍ਰਵਾਹ ਸਾਬਤ ਹੋ ਰਿਹਾ ਹੈ। ਨਗਰ ਕੌਂਸਲ ਆਪਣੇ ਚਰਚਿਤ ਕੰਮਾਂ ਦੀ ਬਦੌਲਤ ਖੁੁਦ ਭਾਵੇਂ ਰੌਸ਼ਨੀ ਵਿੱਚ ਹੈ ਪਰ ਇਸ ਦੀਆਂ ਸਟਰੀਟ ਲਾਇਟਾਂ ਦੀ ਰੌਸ਼ਨੀ ਨਿਸ਼ਾਨੇ ਤੋਂ ਦੂਜੇ ਪਾਸੇ ਪੈ ਰਹੀ ਹੈ। ਜਿਸ ਦੀ ਮਿਸਾਲ ਤਰਕਸ਼ੀਲ ਚੌਂਕ ਤੋਂ ਸੰਘੇੜਾ ਬਾਈਪਾਸ ’ਤੇ ਲੱਗੀਆਂ ਸਟਰੀਟ ਲਾਇਟਾਂ ਦੇ ਰਹੀਆਂ ਹਨ ਜੋ ਕੌਂਸਲ ਦੀ ਆਪਣੀ ਡਿਊਟੀ ਪ੍ਰਤੀ ਲਾਪ੍ਰਵਾਹੀ ਨੂੰ ਬਾਖੂਬੀ ਬਿਆਨ ਕਰਦੀਆਂ ਹਨ। ਨਗਰ ਕੌਂਸਲ ਦੀਆਂ ਇਨਾਂ ਲਾਇਟਾਂ ਦੀ ਦਿਸ਼ਾ ਸੜਕ ਵੱਲ ਹੋਣ ਦੀ ਬਜਾਏ ਖੇਤਾਂ ਵਾਲੇ ਪਾਸੇ ਨੂੰ ਹੈ। ਲਾਇਟਾਂ ਦੇ ਖੰਭੇ ਪੂਰੀ ਤਰਾਂ ਵੇਲਾਂ ਨੇ ਢਕੇ ਹੋਏ ਹਨ ਅਤੇ ਇਨਾਂ ਵੇਲਾਂ ਦੇ ਫੁੱਲਾਂ ਤੋਂ ਲੱਗਦਾ ਹੈ ਇਹ ਸਟਰੀਟ ਲਾਇਟਾਂ ਵਾਲੇ ਖੰਭੇ ਨਹੀ ਬਲਕਿ ਸਜਾਵਟੀ ਖੰਭੇ ਹਨ। ਇਨਾਂ ਵਿੱਚੋਂ ਜ਼ਿਆਦਾਤਰ ਖੰਭੇ ਖ਼ਸਤਾ ਹਾਲਤ ਵਿੱਚ ਹਨ ਜੋ ਕਿਸੇ ਵੇਲੇ ਵੀ ਸੜਕ ਉੱਪਰ ਡਿੱਗ ਕੇ ਕਿਸੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਕੁੱਝ ਖੰਭੇ ਪਾਵਰਕਾਮ ਦੀਆਂ ਤਾਰਾਂ ਨਾਲ ਵੀ ਛੂਹ ਰਹੇ ਹਨ ਜੋ ਕਰੰਟ ਆਉਣ ਕਾਰਨ ਕਿਸੇ ਮਨੁੱਖ ਜਾਂ ਜਾਨਵਰ ਦੀ ਬੇਵਕਤੀ ਮੌਤ ਦਾ ਸਬੱਬ ਬਣ ਸਕਦੇ ਹਨ। ਇਨਾਂ ਸਟਰੀਟ ਲਾਇਟਾਂ ਦੀ ਅਜਿਹੀ ਹਾਲਤ ਤੋਂ ਜਾਣੂੰ ਹੋਣ ਦੇ ਬਾਵਜੂਦ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਆਪਣੀਆਂ ਅੱਖਾਂ ’ਤੇ ਪੱਟੀ ਬੰਨ ਰੱਖੀ ਹੈ। ਚਰਚਾ ਹੈ ਕਿ ਨਗਰ ਕੌਂਸਲ ਅੱਜਕੱਲ ਅਜਿਹੇ ਕੰਮਾਂ ਵੱਲ ਜ਼ਿਆਦਾ ਧਿਆਨ ਦੇ ਰਿਹਾ ਹੈ ਜਿਸ ਦੇ ਟੈਂਡਰ ਕਰੋੜਾਂ ਵਿੱਚ ਖੁੱਲਦੇ ਹਨ। ਸ਼ਾਇਦ! ਨਗਰ ਕੌਂਸਲ ਇਨਾਂ ਸਟਰੀਟ ਲਾਇਟਾਂ ਦੀ ਬਦੌਲਤ ਹੋਣ ਵਾਲੇ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ ਤਾਂ ਜੋ ਪੀੜਤ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਰਕਮ ਵਿੱਚੋਂ ਵੀ ‘ਰੂੰਘਾ’ ਕੱਢਿਆ ਜਾ ਸਕੇ, ਕਿਉਂਕਿ ਅਕਸਰ ਗੱਲ ਮੁਆਵਜ਼ੇ ’ਤੇ ਆ ਕੇ ਹੀ ਨਿੱਬੜਦੀ ਹੈ। ਅਜਿਹਾ ਤਾਂ ਮੰਨਣਯੋਗ ਨਹੀ ਕਿ ਸਬੰਧਿਤ ਅਧਿਕਾਰੀ ਇਨਾਂ ਸਟਰੀਟ ਲਾਇਟਾਂ ਦੀ ਖ਼ਸਤਾ ਹਾਲਤ ਤੋਂ ਵਾਕਫ਼ ਨਹੀ ਹਨ, ਜੇਕਰ ਅਜਿਹਾ ਹੈ ਤਾਂ ਕੀ ਇਹ ਅਧਿਕਾਰੀ ਲੋਕਾਂ ਤੋਂ ਟੈਕਸਾਂ ਦਾ ਪੈਸਾ ਉਗਰਾਹੁਣ ਅਤੇ ਤਨਖ਼ਾਹ ਜੇਬਾਂ ਵਿੱਚ ਪਾਉਣ ਦੇ ਹੱਕਦਾਰ ਹਨ, ਕਿਉਂਕਿ ਇਨਾਂ ਟੈਕਸਾਂ ਦੇ ਬਦਲੇ ਹੀ ਲੋਕ ਸਹੂਲਤਾਂ ਦੀ ਆਸ ਰੱਖਦੇ ਹਨ, ਜਿਹੜੀਆਂ ਕਿ ਨਗਰ ਕੌਂਸਲ ਵੱਲੋਂ ਸਹੀ ਤਰੀਕੇ ਨਾਲ ਦਿੱਤੀਆਂ ਨਹੀ ਜਾ ਰਹੀਆਂ।
![](https://www.gee98news.com/wp-content/uploads/2021/10/gee98-news-17-1B.jpg)