ਬੋਲ ਪੰਡੋਰੀ ਦੇ….ਪਾਣੀ ਪਾਣੀ ਹੋ ਗਈ ਮਿੱਤਰਾ….!
-ਸਾਰੇ ਪਾਸੇ ਪਾਣੀ-ਪਾਣੀ ਹੋਈ ਪਈ ਆਂ… ਭਾਰਤ ਨੇ ਪਾਕਿਸਤਾਨ ਦਾ ਪਾਣੀ ਰੋਕਤਾ…ਪੰਜਾਬ ਨੇ ਹਰਿਆਣੇ ਦਾ ਪਾਣੀ ਰੋਕਤਾ..ਮੈਂ ਕਿਤੇ ਪੜਿਆ ਸੀ, ਸ਼ਾਇਦ ਤੁਸੀਂ ਵੀ ਕਿਤੇ ਪੜਿਆ ਹੋਵੇ ਕਿ ਅਗਲਾ ਵਿਸ਼ਵ ਯੁੱਧ ਪਾਣੀਆਂ ‘ਤੇ ਹੋਵੇਗਾ… ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਉਹ ਪੜਿਆ ਸੱਚ ਹੁੰਦਾ ਜਾਪਦਾ ਏਂ ਪਰ ਸੱਚ ਹੋਵੇ ਨਾ… ਚਲੋ ਉੱਪਰਲੇ ਪਾਣੀਆਂ ਦੀ ਗੱਲ ਛੱਡੋ ਆਪਾਂ ਆਪਣੇ ਪਾਣੀ ਦੀ ਗੱਲ ਕਰਦੇ ਆਂ…ਪਾਣੀ ਤਾਂ ਪਾਣੀ ਹੈ, ਕਹਿੰਦੇ ਨੇ ਪਾਣੀ ਦਾ ਸੁਭਾਅ ਬਹੁਤ ਨਰਮ ਹੁੰਦੈ…ਪਾਣੀ ਹਮੇਸ਼ਾ ਨੀਵੇਂ ਵਾਲੇ ਪਾਸੇ ਹੀ ਚੱਲਦਾ ਏਂ, ਪਾਣੀ ਦੀ ਇਸੇ ਵਿਸ਼ੇਸ਼ਤਾ ਤੋਂ ਪਾਣੀ ਨੂੰ ਨਰਮ ਸੁਭਾਅ ਦਾ ਮੰਨਿਆ ਜਾਂਦਾ ਏ… ਬਹੁਤ ਸਾਰੇ ਅਜਿਹੇ ਕੰਮ ਹਨ ਜਿਨਾਂ ਨਾਲ ਪਾਣੀ ਦਾ ਕੋਈ ਸਿੱਧਾ ਸਬੰਧ ਨਹੀਂ ਹੁੰਦਾ ਪ੍ਰੰਤੂ ਉਥੇ ਪਾਣੀ ਦੀਆਂ ਉਦਾਹਰਨਾਂ ਦੇ ਦਿੱਤੀਆਂ ਜਾਂਦੀਆਂ ਨੇ… ਜਦੋਂ ਕੋਈ ਨਾ ਹੋਣ ਵਾਲਾ ਕੰਮ ਹੋ ਜਾਵੇ ਤਾਂ ਲੋਕ ਆਖਦੇ ਨੇ..ਟਿੱਬੇ ‘ਤੇ ਪਾਣੀ ਚੜਾਤਾ.. ਇਹ ਪਾਣੀ ਹੀ ਹੈ ਜਿਸ ਦਾ ਆਪਣਾ ਕੋਈ ਰੰਗ ਨਹੀਂ… ਜਿਹੜੇ ਰੰਗ ਵਿੱਚ ਮਿਲਾ ਦੇਵੋ ਇਹ ਉਸੇ ਰੰਗ ਦਾ ਹੋ ਜਾਂਦੈ…ਪਾਣੀ ਦੀ ਇਸੇ ਵਿਸ਼ੇਸ਼ਤਾ ਤੋਂ ਹਰ ਕੋਈ ਚਾਹੁੰਦਾ ਕਿ ਪਾਣੀ ਮੇਰਾ ਹੋ ਜਾਵੇ.. ਫਿਰ ਉਹ ਭਾਵੇਂ ਪਾਕਿਸਤਾਨ ਹੋਵੇ ਜਾਂ ਹਰਿਆਣਾ, ਪੰਜਾਬ ਜਾਂ ਹਿਮਾਚਲ ਜਾਂ ਦਿੱਲੀ… ਭਾਰਤ ਦੇ ਦੋ ਸੂਬਿਆਂ ਦੀ ਲੜਾਈ ਕਿੰਨੇ ਵਰ੍ਹੇ ਤੱਕ ਪਾਣੀ ‘ਤੇ ਹੀ ਚਲਦੀ ਰਹੀ.. ਪਾਣੀ ਅੱਗ ਨੂੰ ਵੀ ਸ਼ਾਂਤ ਕਰ ਦਿੰਦਾ ਏਂ.. ਸੱਚਮੁੱਚ ਪਾਣੀ ਕਿੰਨਾ ਪਾਵਰਫੁੱਲ ਏਂ… ਕਿੰਨੀਆਂ ਗੱਲਾਂ, ਕਿੰਨੀਆਂ ਚੀਜ਼ਾਂ, ਕਿੰਨੀਆਂ ਮੁਸ਼ਕਿਲਾਂ ਨੂੰ ਪਾਣੀ ਢੱਕ ਲੈਂਦਾ ਏਂ…ਹੁਣ ਵੇਖ ਲਵੋ ਪਹਿਲਗਾਮ ਨੂੰ ਪਾਣੀ ਨੇ ਕਿਵੇਂ ਢੱਕ ਲਿਆ…ਭਾਖੜੇ ਦੇ ਪਾਣੀ ਨੇ ਪੰਜਾਬ ਦੀਆਂ ਕਿੰਨੀਆਂ ਮੁਸ਼ਕਲਾਂ ਨੂੰ ਢਕਿਆ… ਭਾਖੜੇ ਦੇ ਪਾਣੀ ਨੂੰ ਥੋੜ੍ਹਾ ਜਿਹਾ ਪਾਸੇ ਕਰਕੇ ਦੇਖੋ.. ਹੇਠਾਂ ਬਹੁਤ ਕੁਝ ਨਿਕਲੇਗਾ…ਭਾਖੜਾ ਦਾ ਪਾਣੀ ਪੰਜਾਬ ਤੇ ਹਰਿਆਣੇ ਦੀਆਂ ਕਿੰਨੀਆਂ ਸਮੱਸਿਆਵਾਂ ਨੂੰ ਰੋੜ ਕੇ ਲੈ ਗਿਆ…ਮਸਲਾ ਕੇਂਦਰ ਤੱਕ ਪੁੱਜਿਆ ਪਰ ਹੱਲ ਨਹੀਂ ਹੋਇਆ… ਕੇਂਦਰ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਦਾ ਕਦੋਂ ਆਂ… ਉਹਨਾਂ ਨੇ ਤਾਂ ਹਮੇਸ਼ਾ ਸਾਨੂੰ ਉਲਝਾ ਕੇ ਰੱਖਿਆ, ਉਹ ਹੁਣ ਵੀ ਸਾਨੂੰ ਪਾਣੀ ਦੀਆਂ ਘੁੰਮਣ ਘੇਰੀਆਂ ‘ਚ ਫਸਾ ਕੇ ਰੱਖਣਾ ਚਾਹੁੰਦੇ ਨੇ… ਗੱਲ ਕੱਲੇ ਪਾਣੀਆਂ ਦੀ ਨਹੀਂ… ਗੱਲਾਂ ਤਾਂ… ਮਸਲੇ ਤਾਂ… ਦਾਅਵੇ ਤਾਂ ਹੋਰ ਵੀ ਬਥੇਰੇ ਨੇ…ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਸਾਡਾ 60 ਫੀਸਦੀ ਆਂ… ਇਹ 60 ਫੀਸਦੀ ਕੱਲਾ ਪਾਣੀਆਂ ਵਿੱਚ ਨਹੀਂ… ਚੰਡੀਗੜ੍ਹ ਵਿੱਚ ਵੀ ਸਾਡਾ ਏਨਾ ਹੀ ਆਂ… ਚੰਡੀਗੜ੍ਹ ‘ਚੋ ਸਾਡਾ ਹਿੱਸਾ ਸਾਡੀਆਂ ਅੱਖਾਂ ਦੇ ਸਾਹਮਣੇ ਲੁੱਟਿਆ ਜਾ ਰਿਹਾ… ਜੇ ਹੁਣ ਮੈਦਾਨ ‘ਚ ਨਿਤਰ ਹੀ ਆਏ ਤਾਂ ਸਾਰੇ ਮੁੱਦਿਆਂ ‘ਤੇ ਹੀ ਖੜਕਾ ਦੜਕਾ ਹੋਜੇ…ਹੁਣ ਤਾਂ ਜਾਖੜ, ਸੁਖਬੀਰ ਤੇ ਵੜਿੰਗ ਹੁਣੀ ਵੀ ਨਾਲ ਆਂ… ਹੁਣ ਪਿੱਛੇ ਨਾ ਹਟਿਓ…ਹੁਣ ਇੱਕ ਪਾਸਾ ਹੋ ਲੈਣ ਦਿਓ…ਜੇ ਇੱਕ ਪਾਣੀ ਦਾ ਮੁੱਦਾ ਸਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਰੋੜ ਕੇ ਲੈ ਜਾਂਦਾ ਹੋਵੇ ਜਾਂ ਢੱਕ ਲੈਂਦਾ ਹੋਵੇ…ਮੇਰਾ ਖ਼ਿਆਲ ਆਂ ਸੌਦਾ ਮਾੜਾ ਨਹੀਂ ਆਂ ਪਰ ਇੱਕ ਗੱਲ ਦਾ ਧਿਆਨ ਰੱਖਿਓ…ਕੱਲੀਆਂ ਡੈਮਾਂ ‘ਤੇ ਖੜ ਕੇ ਬੜਕਾਂ ਹੀ ਨਾ ਮਾਰੀ ਜਾਇਓ… ਮੁੱਦਾ ਜੱਜ ਸਾਹਿਬ ਦੇ ਸਾਹਮਣੇ ਵੀ ਚਲਿਆ ਗਿਆ.. ਉਥੇ ਸਾਡੇ ਕਾਲੇ ਕੋਟਾਂ ਵਾਲੇ ਨੂੰ ਤਕੜੇ ਰੱਖਿਓ.. ਸਾਨੂੰ ਜਦੋਂ ਮਾਰਿਆ ਅਗਲਿਆਂ ਨੇ ਬੜੇ ਤਰੀਕੇ ਨਾਲ ਉਥੇ ਈਂ ਮਾਰਿਆ… ਤੇ ਹੁਣ ਆਪਾਂ ਪਾਣੀ-ਪਾਣੀ ਕਰ ਤਾਂ ਦਿੱਤੀ…ਵੇਖਿਓ ਕਿਤੇ ਪਾਣੀ-ਪਾਣੀ ਨਾ ਹੋ ਜਾਈਏ….!
– ਨਿਰਮਲ ਸਿੰਘ ਪੰਡੋਰੀ, ਪੱਤਰਕਾਰ।