-ਦੋ ਸਾਲ ਤੋਂ ਭਗੌੜਾ ਖ਼ਤਨਾਕ ਗੈਗਸਟਰ ਤੇ ਨਸ਼ਾ ਤਸਕਰ ਵੀ ਕਾਬੂ
ਬਰਨਾਲਾ,18 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੀਆਂ ਦੋ ਔਰਤਾਂ ਨੂੰ ਫੜ ਕੇ ਉਨਾਂ ਦੇ ਕਬਜ਼ੇ ’ਚੋ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੈਡਮ ਅਲਕਾ ਮੀਨਾ ਆਈਪੀਐਸ ਨੇ ਦੱਸਿਆ ਕਿ ਸ੍ਰੀ ਬਿ੍ਰਜ ਮੋਹਨ ਡੀਐਸਪੀ (ਡੀ) ਅਤੇ ਇੰਸਪੈਕਟਰ ਬਲਜੀਤ ਸਿੰਘ ਸੀਆਈਏ ਇੰਚਾਰਜ ਦੀ ਅਗਵਾਈ ਹੇਠ ਗੁਰਮੀਤ ਕੌਰ ਉਰਫ ਮੀਤੋ ਵਾਸੀ ਇੰਦਰਾ ਬਸਤੀ ਸਨਾਮ ਨੂੰ 300 ਗ੍ਰਾਮ ਹੈਰੋਇਨ ਸਮੇਤ ਫੜਿਆ,ਜਿਸ ਦੀ ਪੁੱਛਗਿੱਛ ਦੇ ਅਧਾਰ ’ਤੇ ਕੁਲਵਿੰਦਰ ਕੌਰ ਵਾਸੀ ਜੋਗਾ (ਮਾਨਸਾ) ਨੂੰ 30 ਗ੍ਰਾਮ ਹੈਰੋਇਨ ਅਤੇ 1 ਲੱਖ 17 ਹਜ਼ਾਰ ਡਰੱਗ ਮਨੀ ਸਮੇਤ ਕਾਬੂ ਕੀਤਾ। ਨਸ਼ੇ ਸਮੇਤ ਫੜੀਆਂ ਗਈਆਂ ਉਕਤ ਦੋਵੇਂ ਔਰਤਾਂ ਦੇ ਪਿਛੋਕੜ ਬਾਰੇ ਐਸਐਸਪੀ ਨੇ ਦੱਸਿਆ ਕਿ ਗੁਰਮੀਤ ਕੌਰ ਨੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾਇਆ, ਪਰ ਉਸ ਦੇ ਦੂਜੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ। ਕੁਲਵਿੰਦਰ ਕੌਰ ਦਾ ਪਤੀ ਪਿਛਲੇ ਪੰਜ ਸਾਲ ਤੋਂ ਨਸ਼ਾ ਤਸਕਰੀ ਦੇ ਮਾਮਲੇ ’ਚ ਰਾਜਸਥਾਨ ਦੀ ਕੋਟਾ ਜੇਲ ਵਿੱਚ 20 ਸਾਲ ਦੀ ਕੈਦ ਕੱਟ ਰਿਹਾ ਹੈ। ਗੁਰਮੀਤ ਕੌਰ ਦੇ ਖ਼ਿਲਾਫ਼ ਹਰਿਆਣਾ ਦੇ ਥਾਣਾ ਬਰਬਲਾ ’ਚ ਪਹਿਲਾਂ ਵੀ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੈ ਅਤੇ ਕੁਲਵਿੰਦਰ ਕੌਰ ਦੇ ਖ਼ਿਲਾਫ਼ ਵੀ ਥਾਣਾ ਜੋਗਾ ਵਿਖੇ ਇੱਕ ਮੁਕੱਦਮਾ ਦਰਜ ਹੈ। ਉਕਤ ਦੋਵੇ ਔਰਤਾਂ ਕਾਫੀ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕਰ ਰਹੀਆ ਹਨ। ਐਸਐਸਪੀ ਨੇ ਕਿਹਾ ਕਿ ਦੋਵੇਂ ਔਰਤਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਤਫ਼ਤੀਸ ਕੀਤੀ ਜਾ ਰਹੀ ਹੈ। ਇੱਕ ਹੋਰ ਵੱਖਰੇ ਮਾਮਲੇ ’ਚ ਬਰਨਾਲਾ ਪੁਲਿਸ ਨੇ ਪਿਛਲੇ ਦੋ ਸਾਲ ਤੋਂ ਭਗੌੜੇ ਗੈਂਗਸਟਰ ਤੇ ਨਸ਼ਾ ਤਸਕਰ ਵਿਸ਼ੇਸ਼ ਕੁਮਾਰ ਪੁੱਤਰ ਕੈਸੋ ਰਾਮ ਵਾਸੀ ਸੇਰਪੁਰ ਨੂੰ ਨੋਇਡਾ (ਯੂਪੀ) ਤੋਂ ਮੁਕੱਦਮਾ ਨੰ: 25 ਮਿਤੀ 10 ਜੂਨ 2021 ਥਾਣਾ ਮਹਿਲ ਕਲਾਂ ਵਿੱਚ ਗਿ੍ਰਫਤਾਰ ਕਰਕੇ 55 ਹਜ਼ਾਰ ਡਰੱਗ ਮਨੀ, ਇੱਕ ਇਲੈਕਟ੍ਰੋਨਿਕ ਕੰਡਾ ਅਤੇ 40 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨਾਂ ਦੱਸਿਆ ਕਿ ਦੋਸ਼ੀ ਵਿਸ਼ੇਸ਼ ਕੁਮਾਰ ਅਪਰਾਧਿਕ ਪ੍ਰਵਿਰਤੀ ਵਾਲਾ ਵਿਅਕਤੀ ਹੈ ਜਿਸ ਦੇ ਖ਼ਿਲਾਫ਼ ਬਰਨਾਲਾ, ਸੰਗਰੂਰ, ਬਠਿੰਡਾ, ਜਲੰਧਰ, ਪਟਿਆਲਾ, ਵਿੱਚ ਕਤਲ, ਇਰਾਦਾ ਕਤਲ, ਡਕੈਤੀ ਦੀ ਤਿਆਰੀ, ਫਿਰੌਤੀ ਮੰਗਣਾ, ਲੜਾਈ ਝਗੜੇ ਅਤੇ ਨਸ਼ਾ ਤਸਕਰੀ ਦੇ 15 ਮੁਕੱਦਮੇ ਦਰਜ ਹਨ।