ਟ੍ਰੈਫਿਕ ਵਿਵਸਥਾ ‘ਚ ਹੋਵੇਗਾ ਸੁਧਾਰ ਲੋਕਾਂ ਤੋਂ ਕੀਤੀ ਸਹਿਯੋਗ ਦੀ ਮੰਗ ਬਰਨਾਲਾ 18 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਬਰਨਾਲਾ ਜ਼ਿਲ੍ਹੇ ‘ਚ ਨਸ਼ਾ ਤਸਕਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਇਸ ਧੰਦੇ ਵਿੱਚ ਸ਼ਾਮਲ ਲੋਕਾਂ ਨੂੰ ਸਲਾਖਾਂ ਪਿੱਛੇ ਭੇਜਣ ਲਈ ਬਰਨਾਲਾ ਪੁਲਸ ਹਮੇਸ਼ਾਂ ਸਰਗਰਮ ਰਹੇਗੀ। ਬਰਨਾਲਾ ਪ੍ਰੈਸ ਦੇ ਰੂਬਰੂ ਜ਼ਿਲਾ ਪੁਲਸ ਮੁਖੀ ਮੈਡਮ ਅਲਕਾ ਮੀਨਾ ਆਈ ਪੀ ਐੱਸ ਨੇ ਕਿਹਾ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਉਨ੍ਹਾਂ ਦੇ ਸਮਾਂਬੱਧ ਹੱਲ ਲਈ ਜ਼ਿਲ੍ਹੇ ਦੇ ਸਾਰੇ ਦਰਜਾ ਬ ਦਰਜਾ ਪੁਲੀਸ ਅਫਸਰਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਆਮ ਲੋਕ ਆਪਣੇ ਕੰਮਾਂਕਾਰਾਂ ਸਬੰਧੀ ਮਿਲ ਸਕਦੇ ਹਨ ਪ੍ਰੰਤੂ ਐਮਰਜੈਂਸੀ ਹਾਲਾਤਾਂ ਵਿਚ ਕੋਈ ਵੀ ਵਿਅਕਤੀ ਜਦ ਮਰਜ਼ੀ ਮਿਲ ਸਕਦਾ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਪਿਛਲੇ ਸਮੇਂ ਦੀਆਂ ਪੈਂਡਿੰਗ ਦਰਖਾਸਤਾਂ ਦਾ ਨਿਪਟਾਰਾ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਟਰੈਫਿਕ ਦੀ ਵਿਵਸਥਾ ਸੁਚਾਰੂ ਰੱਖਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਮਾੜੇ ਅਨਸਰਾਂ ਸਬੰਧੀ ਸੂਚਨਾ ਤੁਰੰਤ ਪੁਲੀਸ ਨਾਲ ਸਾਂਝੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਸਹਿਯੋਗ ਅਤੇ ਸੂਚਨਾ ਸ਼ਾਂਤੀਪੂਰਨ ਸਮਾਜ ਸਿਰਜਣ ਵਿੱਚ ਮਹੱਤਵਪੂਰਨ ਹੁੰਦਾ ਹੈ । ਪ੍ਰੈੱਸ ਕਾਨਫਰੰਸ ਦੌਰਾਨ ਡੀਪੀਆਰਓ ਮੈਡਮ ਮੇਘਾ ਮਾਨ ਡੀਐੱਸਪੀ ਸ਼੍ਰੀ ਬ੍ਰਿਜ ਮੋਹਨ, ਸੀਆਈਏ ਇੰਚਾਰਜ ਬਲਜੀਤ ਸਿੰਘ ਵੀ ਹਾਜ਼ਰ ਸਨ।