ਬਰਨਾਲਾ, 19 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਜ਼ਿਲਾ ਮੈਜਿਸਟਰੇਟ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ, ਆਈ.ਏ.ਐਸ. ਨੇ ਜ਼ਿਲਾ ਬਰਨਾਲਾ ਦੇ ਆਮ ਬਾਜ਼ਾਰਾਂ ’ਚ ਦੀਵਾਲੀ ਆਦਿ ਦੇ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦਿਆਂ ਕਿਸੇ ਕਿਸਮ ਦੀ ਉਚੀ ਅਵਾਜ਼ ਵਾਲੇ ਪਟਾਖੇ, ਆਤਿਸ਼ਬਾਜੀ ਆਦਿ ਨੂੰ ਬਨਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ’ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਜ਼ਿਲਾ ਮੈਜਿਸਟ੍ਰੇਟ ਵੱਲੋਂ ਛੋਟੇ ਪਟਾਖਿਆਂ ਦੀ ਖਰੀਦ/ਵੇਚ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜਿਸ ਅਨੁਸਾਰ ਬਰਨਾਲਾ ਸ਼ਹਿਰ ਵਿਖੇ 25 ਏਕੜ ਸਕੀਮ ਨਗਰ ਸੁਧਾਰ ਟਰੱਸਟ ਅਤੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ, ਪੱਕਾ ਬਾਗ ਸਟੇਡੀਅਮ ਧਨੌਲਾ, ਗੁਰੂ ਤੇਗ ਬਹਾਦਰ ਸਟੇਡੀਅਮ ਹੰਡਿਆਇਆ (ਬਰਨਾਲਾ) ਹੈ। ਮਹਿਲ ਕਲਾਂ ਵਿਖੇ ਗੋਲਡਨ ਸਿਟੀ ਕਾਲੋਨੀ ਜੋ ਕਿ ਬਰਨਾਲਾ-ਮਹਿਲਕਲਾਂ ਰੋਡ ’ਤੇ ਸਥਿਤ ਹੈ, ਤਪਾ ਵਿਖੇ ਘੁੰਨਸ ਰੋਡ ਉਪਰ ਬਣੇ ਸਟੇਡੀਅਮ (ਕੱਸੀ ਵਾਲੇ ਗਰਾਊਂਡ) ਦੀ ਜਗਾ, ਭਦੌੜ ਵਿਖੇ ਪਬਲਿਕ ਸਪੋਰਟਸ ਸਟੇਡੀਅਮ ਵਾਲੀ ਜਗਾ ਪੱਤੀ ਮੇਹਰ ਸਿੰਘ ਅਤੇ ਸਹਿਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਦੇ ਖੇਡ ਮੈਦਾਨ ਵਾਲੀ ਜਗਾ ਹੋਵੇਗੀ। ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਨਿਰਧਾਰਤ ਥਾਂਵਾਂ ਤੋਂ ਇਲਾਵਾ ਜ਼ਿਲਾ ਬਰਨਾਲਾ ਅੰਦਰ ਹੋਰ ਕਿਸੇ ਥਾਂ ਦੀ ਵਰਤੋਂ ਪਟਾਖੇ ਅਤੇ ਆਤਿਸ਼ਬਾਜ਼ੀ ਦੀ ਖਰੀਦ ਤੇ ਵਿਕਰੀ ਲਈ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਦੇ ਨਜ਼ਦੀਕ ਪਟਾਖੇ ਅਤੇ ਆਤਿਸ਼ਬਾਜ਼ੀ ਚਲਾਉਣ ’ਤੇ ਪੂਰਨ ਪਾਬੰਦੀ ਰਹੇਗੀ। ਹੁਕਮਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ਾਂ ਤੋਂ ਆਉਂਦੀ ਗੈਰ ਕਾਨੂੰਨੀ ਧਮਾਕਾਖੇਜ ਸਮੱਗਰੀ ਨੂੰ ਬਣਾਉਣ, ਸਟੋਰ ਕਰਨ, ਵਿਕਰੀ ਅਤੇ ਵਰਤੋਂ ਕਰਨ ’ਤੇ ਪੂਰਨ ਪਾਬੰਦੀ ਹੋਵੇਗੀ।