- ਬੱਚਿਆਂ ਦਾ ਜ਼ਿਲਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਨਮਾਨ
ਬਰਨਾਲਾ, 22 ਅਕਤੂਬਰ (ਨਿਰਮਲ ਸਿੰਘ ਪੰਡੋਰੀ): ਜ਼ਿਲਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦੇ ਪਿੰਡ ਪੰਡੋਰੀ ਦੇ ਅਗਾਂਹਵਧੂ ਕਿਸਾਨ ਨਵਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਬੱਚਿਆਂ ਨੇ ਕਿਸਾਨਾਂ ਨੂੰ ਪਰਾਲੀ ਦੇ ਵਾਤਾਵਰਣ ਪੱਖੀ ਨਿਬੇੜੇ ਲਈ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ। ਇਸ ਮੁਹਿੰਮ ਤਹਿਤ ਇਹ ਟੀਮ ਜਿੱਥੇ ਸੋਸ਼ਲ ਮੀਡੀਆ ਰਾਹੀਂ ਵਾਤਾਵਰਣ ਸੰਭਾਲ ਦਾ ਹੋਕਾ ਦੇ ਰਹੀ ਹੈ, ਉਥੇ ਖੇਤੀਬਾੜੀ ਵਿਭਾਗ ਦੇ ਕੈਂਪਾਂ ਵਿਚ ਵੀ ਆਪਣੀ ਗੱਲ ਕਿਸਾਨਾਂ ਅੱਗੇ ਰੱਖ ਰਹੀ ਹੈ। ਇਸ ਟੀਮ ਦੇ ਉਪਰਾਲੇ ਨੂੰ ਸਲਾਹੁੰਦਿਆਂ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਬਰਨਾਲਾ ਸ਼ਹਿਰ ਦੇ ਬਾਜਾਖਾਨਾ ਰੋਡ ਵਿਖੇ ਲਾਏ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਸਨਮਾਨ ਕੀਤਾ ਗਿਆ। ਇਸ ਮੌਕੇ 18 ਅਗਾਂਹਵਧੂ ਕਿਸਾਨਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਟੀਮ ਦੀ ਅਗਵਾਈ ਕਰ ਰਹੇ ਅਵਾਂਹਵਧੂ ਕਿਸਾਨ ਨਵਦੀਪ ਸਿੰਘ ਨੇ ਦੱਸਿਆ ਕਿ ਉਨਾਂ ਨੇ ਵਾਤਾਵਰਣ ਬਚਾਉਣ ਲਈ ਜਿੱਥੇ ਖੁਦ 2 ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਈ ਹੈ, ਉਥੇ ਹੁਣ ਜਾਗਰੂਕਤਾ ਮੁਹਿੰਮ ਨੂੰ ਘਰ ਘਰ ਲਿਜਾਣ ਦਾ ਬੀੜਾ ਚੁੱਕਿਆ ਹੈ। ਉਸ ਦੀ ਸੋਚ ਸੀ ਕਿ ਪਿੰਡ ਦੇ ਬੱਚੇ ਵੀ ਸਮਾਜਿਕ ਅਲਾਮਤਾਂ ਵਿਰੁੱਧ ਫਰਜ਼ ਨਿਭਾਉਣ, ਇਸ ਲਈ ਉਸ ਵੱਲੋਂ ਐਨਆਰਆਈਜ਼ ਦੇ ਸਹਿਯੋਗ ਨਾਲ ਭਾਈ ਘਨੱਈਆ ਜੀ ਸੇਵਾਦਾਰ ਗਰੁੱਪ ਬਣਾਇਆ ਗਿਆ ਅਤੇ ਕਰੀਬ 25 ਬੱਚਿਆਂ ਨੂੰ ਆਪਣੇ ਨਾਲ ਜੋੜਿਆ, ਜੋ ਸਕੂਲ ਤੋਂ ਛੁੱਟੀ ਵਾਲੇ ਦਿਨ ਕਵਿਤਾਵਾਂ ਅਤੇ ਹੋਰ ਪੇਸ਼ਕਾਰੀਆਂ ਰਾਹੀਂ ਸੋਸ਼ਲ ਮੀਡੀਆ ’ਤੇ ਵਾਤਾਵਰਣ ਪੱਖੀ ਸੁਨੇਹਾ ਤਿਆਰ ਕਰਦੇ ਹਨ। ਉਨਾਂ ਦੱਸਿਆ ਕਿ ਹੁਣ ਜ਼ਿਲਾ ਪ੍ਰਸ਼ਾਸਨ ਬਰਨਾਲਾ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਪ੍ਰੇਰਨਾ ਨਾਲ ਉਨਾਂ ਨੇ ਪਰਾਲੀ ਨਾ ਸਾੜਨ ਦਾ ਸੁਨੇਹਾ ਘਰ ਘਰ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ। ਇਸ ਟੀਮ ਵਿਚ ਸ਼ਾਮਲ ਕਮਲਹੀਰ ਸਿੰਘ, ਮਨਜੋਤ ਸਿੰਘ, ਦਿਲਪ੍ਰੀਤ ਸਿੰਘ , ਹਰਮਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਜਸਕਰਨ ਸਿੰਘ , ਕਰਨਪ੍ਰੀਤ ਸਿੰਘ ਤੇ ਖੁਸ਼ਪ੍ਰੀਤ ਸਿੰਘ ਨੇ ‘‘ਵਾਰ ਵਾਰ ਅਸੀਂ ਕਰੀਏ ਬੇਨਤੀ ਆਪਣਾ ਮਨ ਸਮਝਾ ਲਓ ਜੀ, ਰਹਿੰਦ-ਖੂੰਹਦ ਮਿੱਤਰ ਹੈ ਆਪਣੀ ਇਸ ਨਾਲ ਪ੍ਰੀਤਾਂ ਪਾ ਲਓ ਜੀ’’ ਕਵਿਤਾ ਰਾਹੀਂ ਵਾਤਾਵਰਣ ਪੱਖੀ ਹੋਕਾ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ ਨੇ ਦੱਸਿਆ ਕਿ ਬੱਚਿਆਂ ਵੱਲੋਂ ਪਰਾਲੀ ਨਾ ਸਾੜਨ ਦਾ ਹੋਕਾ ਦਿੰਦੀ ਵੀਡੀਓ ਦੀ ਚੁਫੇਰਿਓਂ ਸ਼ਲਾਘਾ ਹੋਈ ਹੈ ਤੇ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਇਸ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਚਰਨਜੀਤ ਸਿੰਘ ਕੈਂਥ ਨੇ ਆਖਿਆ ਕਿ ਅਗਾਂਹਵਧੂ ਕਿਸਾਨ ਅਤੇ ਬੱਚਿਆਂ ਦਾ ਇਸ ਮੁਹਿੰਮ ਲਈ ਅੱਗੇ ਆਉਣਾ ਬੇਹੱਦ ਸ਼ਲਾਘਾਯੋਗ ਹੈ। ਉਨਾਂ ਦੱਸਿਆ ਕਿ ਕੈਂਪ ਵਿਚ 18 ਅਗਾਂਹਵਧੂ ਕਿਸਾਨਾਂ ਦਾ ਸਨਮਾਨ ਵੀ ਕੀਤਾ ਗਿਆ, ਜੋ ਪਰਾਲੀ ਦਾ ਵਾਤਾਵਰਣ ਪੱਖੀ ਨਿਬੇੜਾ ਕਰਦੇ ਹਨ। ਇਸ ਮੌਕੇ ਸੰਯੁਕਤ ਡਾਇਰੈਕਟਰ ਪੰਜਾਬ (ਇੰਜ.) ਮਨਮੋਹਨ ਕਾਲੀਆ ਨੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਦੀ ਸਬਸਿਡੀ ਅਤੇ ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ।
-ਬੌਕਸ ਲਈ
ਬੱਚਿਆਂ ਦਾ ਉਪਰਾਲਾ ਸ਼ਲਾਘਾਯੋਗ: ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਪਿੰਡ ਪੰਡੋਰੀ ਦੇ ਅਗਾਂਹਵਧੂ ਕਿਸਾਨ ਨਵਦੀਪ ਸਿੰਘ ਅਤੇ ਬੱਚਿਆਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਇਨਾਂ ਬੱਚਿਆਂ ਅਤੇ ਅਗਾਂਹਵਧੂ ਕਿਸਾਨਾਂ ਦਾ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਸਨਮਾਨ ਕੀਤਾ ਗਿਆ। ਉਨਾਂ ਕਿਹਾ ਕਿ ਪਰਾਲੀ ਅਤੇ ਨਾੜ ਸਾੜਨ ਨਾਲ ਜਿੱਥੇ ਜ਼ਮੀਨ ਵਿਚਲੇ ਮਿੱਤਰ ਕੀੜੇ ਮਰਦੇ ਹਨ, ਉਥੇ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ।