ਬਰਨਾਲਾ, 22 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਐਸ. ਡੀ. ਕਾਲਜ ਦੇ ਕੌਮੀ ਸੇਵਾ ਯੋਜਨਾ ਵਿਭਾਗ ਵੱਲੋਂ ਇੱਕ ਰੋਜ਼ਾ ਕੈਂਪ ਲਗਾਇਆ ਗਿਆ। ਕਾਲਜ ਦੇ ਲੋਕ ਸੰਪਰਕ ਅਫ਼ਸਰ ਪ੍ਰੋ. ਸ਼ੋਇਬ ਜ਼ਫ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਮਹਾਮਾਰੀ ਦੇ ਠੱਲ ਪੈਣ ਮਗਰੋਂ ਲੱਗੇ ਇਸ ਪਹਿਲੇ ਕੈਂਪ ਵਿਚ ਕੈਂਪਰਾਂ ਨੇ ਐਨ.ਐਸ.ਐਸ ਦੇ ਮਾਟੋ ‘ਮੈਂ ਨਹੀਂ, ਤੂੰ’ ਦੇ ਆਦਰਸ਼ਾਂ ਅਤੇ ਉਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਬੜੇ ਉਤਸ਼ਾਹ ਨਾਲ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ। ਐਨ.ਐਸ.ਐਸ ਕੋਆਰਡੀਨੇਟਰ ਡਾ. ਰੀਤੂ ਅੱਗਰਵਾਲ ਦੀ ਅਗਵਾਈ ਵਿਚ ਲੱਗੇ ਇਸ ਕੈਂਪ ਵਿਚ 160 ਵਲੰਟੀਅਰਾਂ ਨੇ ਹਿੱਸਾ ਲਿਆ। ਕੈਂਪਰਾਂ ਨੇ ਕਾਲਜ ਕੈਂਪਸ ਦੀ ਸਫ਼ਾਈ ਅਤੇ ਗਮਲਿਆਂ ਅਤੇ ਪੌਦਿਆਂ ਦੇ ਰੱਖ ਰਖਾਓ ਦੇ ਨਾਲ ਨਾਲ ਕਚਹਿਰੀ ਚੌਕ ਦੀ ਵੀ ਸਫ਼ਾਈ ਕੀਤੀ। ਇਸ ਤੋਂ ਇਲਾਵਾ ਚੌਕ ਨਜ਼ਦੀਕ ਬਣੇ ਪਾਰਕ ਦੀ ਵੀ ਸਫ਼ਾਈ ਕੀਤੀ ਗਈ। ਵਲੰਟੀਅਰਾਂ ਨੂੰ ਐਨ.ਐਸ.ਐਸ ਦੇ ਉਦੇਸ਼ਾਂ ਅਤੇ ਮੰਤਵਾਂ ਬਾਰੇ ਵੀ ਚਾਨਣਾ ਪਾਇਆ ਗਿਆ। ਕੈਂਪਰਾਂ ਨੂੰ ਉਤਸ਼ਾਹਿਤ ਕਰਨ ਲਈ ਐਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਹਨਾਂ ਸਾਰਿਆਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਐਨ.ਐਸ.ਐਸ ਦਾ ਅਸਲ ਉਦੇਸ਼ ਵਿਦਿਆਰਥੀਆਂ ਅੰਦਰ ਹੱਥੀਂ ਕਿਰਤ ਕਰਨ ਦੀ ਭਾਵਨਾ ਦੇ ਵਿਕਾਸ ਦੇ ਨਾਲ ਨਾਲ ਆਪਸ ਵਿਚ ਭਰਾਤਰੀ ਭਾਵ ਵਧਾਉਣਾ ਵੀ ਹੈ। ਉਹਨਾਂ ਕਿਹਾ ਕਿ ਚੰਗੇ ਵਿਚਾਰਾਂ ਦੀ ਸਾਡੀ ਜ਼ਿੰਦਗੀ ਅੰਦਰ ਬੜੀ ਮਹੱਤਤਾ ਹੈ ਅਤੇ ਵਿਦਿਆਰਥੀ ਹੀ ਆਪਣੀ ਊਰਜਾ ਨੂੰ ਕੇਂਦਰਿਤ ਕਰਕੇ ਸਮਾਜ ਲਈ ਬਹੁਤ ਕੁਝ ਕਰ ਸਕਦੇ ਹਨ। ਕਾਲਜ ਪਿ੍ਰੰਸੀਪਲ ਡਾ. ਰਮਾ ਸ਼ਰਮਾ ਨੇ ਐਨ.ਐਸ.ਐਸ ਵਿਭਾਗ ਨੂੰ ਕੈਂਪ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਕਾਦਮਿਕ ਗਤੀਵਿਧੀਆਂ ਦੇ ਨਾਲ ਨਾਲ ਐਨ.ਐਸ.ਐਸ ਵਰਗੀਆਂ ਗਤੀਵਿਧੀਆਂ ਵੀ ਜ਼ਰੂਰੀ ਹਨ। ਵਿਭਾਗ ਵੱਲੋਂ ਪਿਛਲੇ ਦਿਨੀਂ ਦੇਸ਼ ਦੀ ਅਜ਼ਾਦੀ ਦੇ 75 ਵਰੇ ਨੂੰ ਸਮਰਪਿਤ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ। ਸਮੁੱਚਾ ਕੈਂਪ ਕੋਆਰਡੀਨੇਟਰ ਡਾ. ਰੀਤੂ ਅੱਗਰਵਾਲ, ਪ੍ਰੋਗਰਾਮ ਅਫ਼ਸਰਾਨ ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਜਗਜੀਤ ਸਿੰਘ, ਪ੍ਰੋ. ਬਲਵਿੰਦਰ ਸਿੰਘ ਅਤੇ ਪ੍ਰੋ. ਜਸਪ੍ਰੀਤ ਕੌਰ ਦੀ ਦੇਖ-ਰੇਖ ਵਿਚ ਲਗਾਇਆ ਗਿਆ। ਇਸ ਮੌਕੇ ਕਾਲਜ ਬਰਸਰ ਪ੍ਰੋ. ਅਸ਼ਵਨੀ ਸੀਕਰੀ, ਪ੍ਰੋ. ਸਾਵੀ ਅਤੇ ਪ੍ਰੋ. ਬਲਵਿੰਦਰ ਸ਼ਰਮਾ ਵੀ ਹਾਜ਼ਰ ਸਨ।