ਬਰਨਾਲਾ, 22 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਨਾਲਸਾ ‘ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ’ ਤਹਿਤ ਜ਼ਿਲ੍ਹਾ ਬਰਨਾਲਾ ਵਿਖੇ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਅਧੀਨ ਜ਼ਿਲ੍ਹਾ ñਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਵਰਿੰਦਰ ਅਗਰਵਾਲ ਦੀ ਅਗਵਾਈ ਹੇਠ ਜੇਲ ਪ੍ਰਸ਼ਾਸਨ ਵੱਲੋਂ ਕਾਗਜ਼ ਦੇ ਥੈਲੇ ਬਣਾਉਣ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ, ਜਿਸ ਲਈ ਜੇਲ ਬੰਦੀਆਂ ਦੀ ਮਦਦ ਲਈ ਜਾਵੇਗੀ। ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਸਫਲ ਬਣਾਉਣ ਲਈ ਸਾਰੇ ਜੁਡੀਸ਼ਲ ਅਫ਼ਸਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪੁਰਾਣੇ ਅਖ਼ਬਾਰਾਂ ਦਾ ਕਿਧਰੇ ਹੋਰ ਨਿਪਟਾਰਾ ਨਾ ਕਰਨ ਅਤੇ ਇਸ ਨੂੰ ਇਕੱਠਾ ਕਰਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੇ ਕਰਮਚਾਰੀਆਂ ਨੂੰ ਸੌਂਪਣ ਤਾਂ ਜੋ ਇਨਾਂ ਅਖਬਾਰਾਂ ਨਾਲ ਕਾਗਜ਼ ਦੇ ਥੈਲੇ ਤਿਆਰ ਕੀਤੇ ਜਾ ਸਕਣ। ਉਨਾਂ ਦੱਸਿਆ ਕਿ ਕਾਗਜ਼ ਦੇ ਇਨਾਂ ਥੈਲਿਆਂ ਨੂੰ ਵੰਡਣ ਦੀ ਸ਼ੁਰੂਆਤ ਮੈਡੀਕਲ ਸਟੋਰਾਂ ਤੋਂ ਕੀਤੀ ਜਾਵੇ, ਕਿਉਂਕਿ ਦਵਾਈਆਂ ਦਾ ਭਾਰ ਘੱਟ ਹੁੰਦਾ ਹੈ ਤੇ ਇਸ ਵਾਸਤੇ ਕਾਗਜ਼ ਦੇ ਥੈਲੇ ਅਸਾਨੀ ਨਾਲ ਵਰਤੇ ਜਾ ਸਕਦੇ ਹਨ। ਜ਼ਿਲ੍ਹਾ ਜੇਲ ਬਰਨਾਲਾ ਵਿਖੇ ਕਾਗਜ਼ ਦੇ ਥੈੈਲੇ ਤਿਆਰ ਕਰਨ ਦੀ ਮੁਹਿੰਮ ਦਾ ਆਗਾਜ਼ ਕਰਦਿਆਂ ਸ੍ਰੀ ਵਰਿੰਦਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਜੇਲ ਬਰਨਾਲਾ ਦੇ ਦੋ ਕਰਮਚਾਰੀਆਂ ਨੂੰ ਕਾਗਜ਼ ਦੇ ਥੈਲੇ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ ਹੈ, ਜੋ ਕਿ ਅੱਗੇ ਜੇਲ ਦੇ ਬੰਦੀਆਂ ਨੂੰ ਸਿਖਲਾਈ ਦੇਣਗੇ। ਇਸ ਮੌਕੇ ਸੁਪਰਡੈਂਟ ਜ਼ਿਲ੍ਹਾ ਜੇਲ ਬਰਨਾਲਾ ਬਲਬੀਰ ਸਿੰਘ ਵੱਲੋਂ ਜੇਲ ਸਟਾਫ ਤੇ ਕੈਦੀਆਂ ਤਰਫੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਸ੍ਰੀ ਵਰਿੰਦਰ ਅਗਰਵਾਲ ਵੱਲੋਂ ਕੱਪੜਾ ਵਪਾਰੀਆਂ ਦੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਇਸ ਮੁਹਿੰਮ ਤਹਿਤ ਵਾਧੂ ਕੱਪੜਾ ਆਦਿ ਮੁਹੱਈਆ ਕਰਵਾਉਣ ਤਾਂ ਜੋ ਉਸ ਕੱਪੜੇ ਤੋਂ ਐੱਲਬੀਐੱਸ ਕਾਲਜ ਦੀਆਂ ਵਿਦਿਆਰਥਣਾਂ ਦੇ ਸਹਿਯੋਗ ਨਾਲ ਕੱਪੜੇ ਦੇ ਥੈਲੇ ਤਿਆਰ ਕਰਵਾਏ ਜਾ ਸਕਣ, ਜਿਸ ਸਬੰਧੀ ਕਾਲਜ ਪਿ੍ਰੰਸੀਪਲ ਸ੍ਰੀਮਤੀ ਨੀਲਮ ਸ਼ਰਮਾ ਅਤੇ ਮੈਨੇਜਮੈਂਟ ਵੱਲੋਂ ਹਾਂ-ਪੱਖੀ ਹੁੰਗਾਰਾ ਦਿੱਤਾ ਗਿਆ ਹੈ।