ਬਰਨਾਲਾ, 22 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਸਿਹਤ ਸੇਵਾਵਾਂ ਦੇ ਖ਼ੇਤਰ ’ਚ ਪਿਛਲੇ 18 ਸਾਲਾਂ ਤੋਂ ਲੋੜਵੰਦ ਲਕੋਾਂ ਨੂੰ ਕਫਾਇਤੀ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਸਾਂਝਾ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਚੈਰੀਟੇਬਲ ਹੈਲਥ ਕੇਅਰ ਸੈਂਟਰ ਦੀ ਸ਼ੁਰੂੁਆਤ ਕੀਤੀ ਗਈ ਜਿਸ ਦਾ ਉਦਘਾਟਨ ਸਾਬਕਾ ਵਿਧਾਇਕ ਸ. ਕੇਵਲ ਸਿੰਘ ਢਿੱਲੋਂ ਨੇ ਕੀਤਾ। ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ. ਢਿੱਲੋ ਨੇ ਸੁਸਾਇਟੀ ਦੇ ਉਦਮ ਦੀ ਸ਼ਲਾਘਾ ਕੀਤੀ । ਉਨਾਂ ਕਿਹਾ ਕਿ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਸਸਤਾ ਇਲਾਜ ਅਤੇ ਸਸਤੀਆਂ ਦਵਾਈਆਂ ਦੇਣੀਆਂ ਵੱਡਾ ਪਰ-ਉਪਕਾਰ ਹੈ , ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਮਹਿੰਗਾ ਇਲਾਜ ਕਰਵਾਉਣ ਦੇ ਸਮਰੱਥ ਨਹੀਂ ਹਨ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਮਿਲ ਕੇ ਸੁਸਾਇਟੀ ਲਈ ਮਾਲੀ ਸਹਾਇਤਾ ਦਿਵਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਇੰਚਾਰਜ ਦਿਨੇਸ ਗੋਇਲ ਨੇ ਕਿਹਾ ਕਿ ਸਾਂਝਾ ਆਸਰਾ ਚੈਰੀਟੇਬਲ ਸੁਸਾਇਟੀ ਵੱਲੋਂ ਬਹੁਤ ਘੱਟ ਰੇਟਾਂ ’ਤੇ ਟੈਸਟ ਕੀਤੇ ਜਾਂਦੇ ਹਨ। ਜਿਸ ਦਾ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਲਾਹਾ ਲੈ ਰਹੇ ਹਨ। ਉਨਾਂ ਦੱਸਿਆ ਕਿ ਜਲਦੀ ਹੀ ਹਾਰਮੋਨਜ਼ ,ਥਾਇਰੈਡਜ਼ ਟੈਸਟ ਕਰਨ ਵਾਲੀ ਲੱਗਭੱਗ 25 ਲੱਖ ਰੁਪਏ ਦੀ ਜਪਾਨੀ ਮਸ਼ੀਨ ਲਗਾਈ ਜਾਵੇਗੀ। ਜਿਸ ਨਾਲ 500-600 ਦੇ ਬਾਜ਼ਾਰੀ ਟੈਸਟ ਸਿਰਫ਼ 100-200 ਰੁਪਏ ਵਿੱਚ ਕੀਤੇ ਜਾਣਗੇ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਗੁਰਜੀਤ ਸਿੰਘ ਔਲਖ, ਚੇਅਰਮੈਨ ਨਗਰ ਸੁਧਾਰ ਟਰੱਸਟ ਮੱਖਣ ਸ਼ਰਮਾ, ਮੀਤ ਪ੍ਰਧਾਨ ਨਰਿੰਦਰ ਨੀਟਾ, ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਮਰਾੜ ਆਦਿ ਵੀ ਹਾਜ਼ਰ ਸਨ।