ਬਰਨਾਲਾ, 22 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਬਰਨਾਲਾ ਫੇਰੀ ਦੌਰਾਨ ਇਹ ਗੱਲ ਸਪੱਸ਼ਟ ਰੂਪ ਵਿੱਚ ਸਾਹਮਣੇ ਆ ਗਈ ਹੈ ਕਿ ਬਰਨਾਲਾ ਕਾਂਗਰਸ ਵਿੱਚ ‘‘ਸਭ ਅੱਛਾ ਨਹੀਂ’’ ਹੈ। ਮੰਤਰੀ ਜੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਵਿਕਾਸ ਕੰਮਾਂ ਦੀ ਪੜਚੋਲ ਸੰਬੰਧੀ ਪੁੱਜੇ ਸਨ। ਮੀਟਿੰਗ ਤੋਂ ਬਾਅਦ ਮੰਤਰੀ ਜੀ ਦਾ ਕੇਵਲ ਸਿੰਘ ਢਿੱਲੋਂ ਦੀ ਕੋਠੀ ਕਾਂਗਰਸ ਵਰਕਰਾਂ ਨੂੰ ਮਿਲਣ ਦਾ ਪ੍ਰੋਗਰਾਮ ਸੀ, ਜਿੱਥੇ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਅਤੇ ਵਰਕਰ ਪੁੱਜੇ ਹੋਏ ਸਨ ਪ੍ਰੰਤੂ ਦੂਜੇ ਪਾਸੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਅਤੇ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਦੇ ਰਸਤੇ ਵਿੱਚ ਬਣੇ ਰੈਸਟ ਹਾਊਸ ਵਿੱਚ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਭਰਵੀਂ ਗਿਣਤੀ ਵਿੱਚ ਆਪਣੇ ਹਮਾਇਤੀ ਇਕੱਠੇ ਕੀਤੇ ਹੋਏ ਸਨ, ਜਿਨਾਂ ਨੇ ਰੈਸਟ ਹਾਊਸ ਵਿੱਚ ਮੰਤਰੀ ਜੀ ਦਾ ਸਵਾਗਤ ਕਰਨਾ ਸੀ। ਪ੍ਰਸਾਸ਼ਨਿਕ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਕਾਲਾ ਢਿੱਲੋਂ ਨੇ ਮੰਤਰੀ ਜੀ ਨੂੰ ਰੈਸਟ ਹਾਊਸ ਰੁਕਣ ਸੰਬੰਧੀ ਕਿਹਾ ਤਾਂ ਮੰਤਰੀ ਜੀ ਨੇ ਕਾਲੇ ਢਿੱਲੋਂ ਨੂੰ ਗੱਡੀ ’ਚ ਬਿਠਾ ਲਿਆ, ਗੱਡੀ ਵਿੱਚ ਪਹਿਲਾਂ ਹੀ ਕੇਵਲ ਢਿੱਲੋਂ ਵੀ ਬੈਠਾ ਸੀ। ਗੱਡੀ ਵਿੱਚ ਮੰਤਰੀ ਜੀ ਅਤੇ ਕਾਲਾ ਢਿੱਲੋਂ ਦੀ ਕੁਝ ਗੁਫ਼ਤਗੂ ਹੋਈ ਜਿਸ ਤੋਂ ਬਾਅਦ ਕਾਲਾ ਢਿੱਲੋਂ ਮੰਤਰੀ ਦੀ ਗੱਡੀ ’ਚੋਂ ਉੱਤਰ ਗਿਆ ਅਤੇ ਗੱਡੀ ਦੇ ਬਾਹਰ ਖੜ ਕੇ ਮੰਤਰੀ ਨੂੰ ਰੈਸਟ ਹਾਊਸ ਰੁਕਣ ਲਈ ਕਹਿਣ ਲੱਗਾ । ਗੱਡੀ ਦੇ ਅੰਦਰ ਬੈਠੇ ਕੇਵਲ ਸਿੰਘ ਢਿੱਲੋਂ ਨੇ ਵੀ ਮੰਤਰੀ ਜੀ ਦੇ ਕੰਨ ਵਿੱਚ ਘੁਸਰ-ਮੁਸਰ ਕੀਤੀ । ਮੰਤਰੀ ਜੀ ਨੇ ਕਾਲੇ ਢਿੱਲੋਂ ਦੇ ਤੇਵਰ ਦੇਖ ਕੇ ਰੈਸਟ ਹਾਊੁਸ ਰੁਕਣ ਲਈ ਹਾਂ ਕਰ ਦਿੱਤੀ।

ਅਸਲ ਵਿੱਚ ਮੰਤਰੀ ਜੀ ਕੇਵਲ ਢਿੱਲੋਂ ਦੀ ਕੋਠੀ ਤੋਂ ਬਾਅਦ ਰੈਸਟ ਹਾਊਸ ਆਉਣਾ ਚਾਹੁੰਦੇ ਸਨ ਪਰ ਕਾਲੇ ਢਿੱਲੋਂ ਨੇ ਕਿਹਾ ਕਿ ਉਹ ਆਪਣੇ ਵਰਕਰਾਂ ਨੂੰ ਹੋਰ ਉਡੀਕ ਨਹੀਂ ਕਰਵਾ ਸਕਦਾ, ਕਿਉਂਕਿ ਉਸ ਦੇ ਵਰਕਰ ਪਹਿਲਾਂ ਹੀ ਕਈ ਘੰਟਿਆਂ ਤੋਂ ਰੈਸਟ ਹਾਊਸ ਉਡੀਕ ਰਹੇ ਹਨ। ਆਖਿਰ ! ਮੰਤਰੀ ਜੀ ਦਾ ਕਾਫਲਾ ਡੀਸੀ ਦਫ਼ਤਰ ਤੋਂ ਚੱਲਿਆ ਤੇ ਰੈਸਟ ਹਾਊਸ ਦੇ ਦਰਵਾਜ਼ੇ ’ਤੇ ਰੁਕਿਆ ਜਿੱਥੇ ਕਾਲੇ ਢਿੱਲੋਂ ਅਤੇ ਉਸ ਦੇ ਹਮਾਇਤੀਆਂ ਨੇ ਮੰਤਰੀ ਨੂੰ ਰੈਸਟ ਹਾਊਸ ਦੇ ਅੰਦਰ ਲਿਜਾਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਪਰ ਮੰਤਰੀ ਜੀ ਨੇ ਰੈਸਟ ਹਾਊਸ ਦੇ ਅੰਦਰ ਪੈਰ ਨਹੀਂ ਪਾਇਆ ਅਤੇ ਬਾਹਰੋ ਹੀ ਕੇਵਲ ਢਿੱਲੋਂ ਦੀ ਕੋਠੀ ਲਈ ਮੰਤਰੀ ਜੀ ਦਾ ਕਾਫਲਾ ਅੱਗੇ ਵਧ ਗਿਆ। ਇਸ ਤੋਂ ਅਗਲੀ ਕਹਾਣੀ ਕਾਲਾ ਢਿੱਲੋਂ ਦੇ ਹਮਾਇਤੀਆਂ ਦੇ ਮੱਥੇ ਉੱਪਰਲੀਆਂ ਤਿਊੜੀਆਂ ਦੱਸ ਰਹੀਆਂ ਸਨ ਕਿ ਬਰਨਾਲਾ ਕਾਂਗਰਸ ਵਿੱਚ ‘ਸਭ ਅੱਛਾ ਨਹੀਂ’ ਹੈ।
ਫੋਟੋ ਕੈਪਸ਼ਨ : 1 ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਗੱਡੀ ’ਚ ਬੈਠੇ ਹੋਏ ਕੇਵਲ ਸਿੰਘ ਢਿੱਲੋਂ ਅਤੇ ਕਾਲਾ ਢਿੱਲੋਂ ।
2 ਰੈਸਟ ਹਾਊਸ ਦੇ ਬਾਹਰ ਮੰਤਰੀ ਜੀ ਦਾ ਕਾਫਲਾ ਰੋਕਦੇ ਹੋਏ ਕਾਲਾ ਸਿੰਘ ਢਿੱਲੋਂ ਦੇ ਹਮਾਇਤੀ ।
3 ਰੈਸਟ ਹਾਉਸ ਦੇ ਗੇਟ ਉੱਪਰ ਕਾਲਾ ਢਿੱਲੋਂ ਮੰਤਰੀ ਜੀ ਨੂੰ ਅੰਦਰ ਜਾਣ ਲਈ ਗੱਲਬਾਤ ਕਰਦੇ ਹੋਏ
