ਬਰਨਾਲਾ 23 ਅਕਤੂਬਰ (ਨਿਰਮਲ ਸਿੰਘ ਪੰਡੋਰੀ)- ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਨੀਵਾਰ ਸੁਵੱਖ਼ਤੇ ਹੀ ਬੱਸ ਸਟੈਂਡ ਬਰਨਾਲਾ ਵਿਖੇ ਸਫਾਈ ਪ੍ਰਬੰਧ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਮੁਆਇਨਾ ਕਰਨ ਪੁੱਜੇ। ਪ੍ਰਾਈਵੇਟ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਉਣ ਲਈ ਚੁੱਕੇ ਯਤਨਾਂ ਕਰਕੇ ਚਰਚਾ ਵਿੱਚ ਟਰਾਂਸਪੋਰਟ ਮੰਤਰੀ ਰੋਜ਼ਾਨਾ ਸੂਬੇ ਦੇ ਕਿਸੇ ਨਾ ਕਿਸੇ ਬੱਸ ਅੱਡੇ ਤੇ ਜਾ ਕੇ ਸਵਾਰੀਆਂ ਦੀਆਂ ਸੁੱਖ ਸਹੂਲਤਾਂ ਲਈ ਪ੍ਰਬੰਧਾਂ ਦਾ ਮੁਆਇਨਾ ਕਰਦੇ ਹਨ। ਬਰਨਾਲਾ ਦੇ ਬੱਸ ਅੱਡੇ ਤੇ ਟਰਾਂਸਪੋਰਟ ਮੰਤਰੀ ਨੇ ਕੁਝ ਖ਼ਾਮੀਆਂ ਪ੍ਰਤੀ ਮੌਕੇ ਤੇ ਹਾਜ਼ਰ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੱਖਣ ਸ਼ਰਮਾ ਨਾਲ ਚਰਚਾ ਵੀ ਕੀਤੀ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਚਾਨਕ ਛਾਪਾਮਾਰੀ ਨੇ ਪਿਛਲੇ ਸਮੇਂ ਦੌਰਾਨ ਤੱਤਕਾਲੀਨ ਟਰਾਂਸਪੋਰਟ ਮੰਤਰੀਆਂ ਦੀ ਮਾੜੀ ਕਾਰਜਸ਼ੈਲੀ ਸਦਕਾ ਚੰਮ ਦੀਆਂ ਚਲਾਉਣ ਵਾਲੇ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦਾ ਉੱਪਰਲਾ ਸਾਹ ਉੱਪਰ ਤੇ ਹੇਠਲਾ ਸਾਹ ਹੇਠਾਂ ਹੀ ਰੱਖਿਆ। ਇਸ ਮੌਕੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਵੱਲੋਂ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਰਿਟ ਪਟੀਸ਼ਨ ਰੱਦ ਕਰਨ ਤੋਂ ਬਾਅਦ ਬਕਾਇਆ ਟੈਕਸ ਦੀ ਉਗਰਾਹੀ ਹੋਰ ਵੀ ਸੁਖਾਲੀ ਹੋ ਗਈ ਹੈ। ਮੌਕੇ ਤੇ ਹਾਜ਼ਰ ਪੀਆਰਟੀਸੀ ਦੇ ਕੁਝ ਡਰਾਈਵਰਾਂ ਅਤੇ ਕੰਡਕਟਰਾਂ ਨੇ ਰਾਜਾ ਵੜਿੰਗ ਦੀ ਕਾਰਜਸ਼ੈਲੀ ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ “ਸਾਨੂੰ ਵੀ ਹੁਣ ਮਹਿਸੂਸ ਹੋਇਆ ਹੈ ਕਿ ਅਸੀਂ ਵੀ ਕਿਸੇ ਵਿਭਾਗ ਦੇ ਕਰਮਚਾਰੀ ਹਾਂ..ਪਹਿਲਾਂ ਤਾਂ ਪ੍ਰਾਈਵੇਟ ਬੱਸਾਂ ਦੇ ਡਰਾਈਵਰ ਕੰਡਕਟਰ ਸਾਡੀ ਐਵੇਂ ਹੀ ਲਾਹ ਪਾਹ ਕਰੀ ਰੱਖਦੇ ਸੀ” । ਟਰਾਂਸਪੋਰਟ ਮੰਤਰੀ ਨੇ ਜਿੱਥੇ ਵਿਭਾਗ ਦੀ ਆਮਦਨ ਵਿੱਚ ਵਾਧਾ ਕੀਤਾ, ਉੱਥੇ ਵਿਭਾਗੀ ਕਰਮਚਾਰੀਆਂ ਦਾ ਮਾਣ ਵੀ ਵਧਾਇਆ ਹੈ।
