- ਬੱਸ ਸਟੈਡ ਦੀ ਕੀਤੀ ਅਚਨਚੇਤ ਚੈਕਿੰਗ, ਚੇਅਰਮੈਨ ਦੀ ਲਗਾਈ ਕਲਾਸ
ਬਰਨਾਲਾ, 23 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਰਨਾਲਾ ਬੱਸ ਸਟੈਂਡ ਅਤੇ ਪੀਆਰਟੀਸੀ ਵਰਕਸ਼ਾਪ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ, ਸੀਨੀਅਰ ਪੁਲਿਸ ਕਪਤਾਨ ਸ਼੍ਰੀਮਤੀ ਅਲਕਾ ਮੀਨਾ, ਐਸਡੀਐਮ ਸ਼੍ਰੀ ਵਰਜੀਤ ਵਾਲੀਆ, ਚੇਅਰਮੈਨ ਇੰਮਪਰੂਵਮੈਂਟ ਟਰੱਸਟ ਸ਼੍ਰੀ ਮੱਖਣ ਸ਼ਰਮਾ ਆਰਟੀਏ ਸ਼੍ਰੀ ਕਰਨਬੀਰ ਸਿੰਘ ਛੀਨਾ, ਜੀਐਮ, ਪੀਆਰਟੀਸੀ ਸ਼੍ਰੀ ਐਮ.ਪੀ. ਸਿੰਘ ਅਤੇ ਉੱਘੇ ਟਰਾਂਸਪੋਰਟ ਕੁਲਦੀਪ ਸਿੰਘ ਕਾਲਾ ਢਿੱਲੋਂ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਵੜਿੰਗ ਨੇ ਦੱਸਿਆ ਕਿ ਬਰਨਾਲਾ ਬੱਸ ਅੱਡੇ ਦੀ ਸਾਫ ਸਫਾਈ ਦੇ ਪੁਖਤਾ ਪ੍ਰਬੰਧਾਂ ਅਤੇ ਹੋਰ ਬਿਹਤਰੀ ਲਈ ਹਦਾਇਤ ਕੀਤੀ ਗਈ ਹੈ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਮੱਖਣ ਸ਼ਰਮਾ ਨੇ ਕਿਹਾ ਕਿ ਬੱਸ ਅੱਡੇ ਦੇ ਸੁਧਾਰ ਲਈ 1 ਕਰੋੜ ਰੁਪਏ ਦੇ ਟੈਂਡਰ ਲਗਾਏ ਹਨ, ਜਿਸ ਤਹਿਤ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਇਸ ਉਪਰੰਤ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨਾਂ ਦੇ ਵਿਭਾਗ ਵੱਲੋਂ ਵੀ ਬਰਨਾਲਾ ਦੇ ਬੱਸ ਅੱਡੇ ਲਈ 1.5 ਕਰੋੜ ਰੁਪਏ ਦਿੱਤੇ ਜਾਣਗੇ ਅਤੇ ਕੁੱਲ 2.5 ਕਰੋੜ ਰੁਪਏ (ਢਾਈ ਕਰੋੜ) ਨਾਲ ਬਰਨਾਲਾ ਦੇ ਬੱਸ ਅੱਡੇ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ। ਟਰਾਂਸਪੋਰਟ ਮੰਤਰੀ ਨੇ ਬੱਸ ਅੱਡੇ ਅੰਦਰ ਮੁਸਾਫ਼ਰਾਂ ਨਾਲ ਗੱਲਬਾਤ ਕਰਕੇ ਸਫਰ ਦੌਰਾਨ ਆ ਰਹੀਆਂ ਮੁਸ਼ਕਲਾਂ ਸੰਬੰਧੀ ਜਾਣਕਾਰੀ ਵੀ ਹਾਸਲ ਕੀਤੀ।
ਬਾਕਸ ਆਈਟਮ
ਬੱਸ ਸਟੈਂਡ ਦੀ ਚੈਕਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਸਫਾਈ ਪ੍ਰਬੰਧਾ ਉੱਪਰ ਨਾਂ ਖ਼ੁਸੀ ਦਾ ਪ੍ਰਗਟਾਵਾ ਕੀਤਾ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀ ਕਲਾਸ ਵੀ ਲਗਾਈ। ਮੰਤਰੀ ਨੇ ਚੇਅਰਮੈਨ ਨੂੰ ਕਿਹਾ ਕਿ ‘‘ਜੇਕਰ ਹਾਲਾਤ ਐਨੇ ਮਾੜੇ ਹੋਣਗੇ ਤਾਂ ਢਿੱਲੋਂ ਸਾਬ ਨੂੰ ਵੋਟਾਂ ਕੌਣ ਪਾਵੇਗਾ’’। ਮੰਤਰੀ ਜੀ ਜਦ ਚੇਅਰਮੈਨ ਦੀ ਕਲਾਸ ਲਗਾ ਰਹੇ ਸਨ ਤਾਂ ਮੌਕੇ ’ਤੇ ਹਾਜ਼ਰ ਨਗਰ ਸੁਧਾਰ ਟਰੱਸਟ ਦੇ ਮੁਲਾਜ਼ਮਾਂ ਨੂੰ ਤਰੇਲੀਆਂ ਆ ਰਹੀਆਂ ਸਨ।