ਚੰਡੀਗੜ, 25 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਸਾਬਕਾ ਮੰਤਰੀ ਅਤੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਪੰਥ ਵਿੱਚ ਵਾਪਸੀ ਲਈ ਇੱਕ ਵਾਰ ਫੇਰ ਯਤਨ ਸ਼ੁਰੂ ਕੀਤੇ ਹਨ। ਜ਼ਿਕਰਯੋਗ ਹੈ ਕਿ ਸੁੱਚਾ ਸਿੰਘ ਲੰਗਾਹ ਦੀ ਇੱਕ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਸੁੱਚਾ ਸਿੰਘ ਲੰਗਾਹ ਦੀ ਵੀਡੀਓ ਵਾਇਰਲ ਹੋਣ ਸਮੇਂ ਉਹ ਸ਼੍ਰੋਮਣੀ ਕਮੇਟੀ ਮੈਂਬਰ ਵੀ ਸੀ। ਲੰਗਾਹ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਉਸ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ। ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਲੰਗਾਹ ਨੇ ਪੰਥ ਵਾਪਸੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪ੍ਰੰਤੂ ਜਥੇਦਾਰ ਨੇ ਉਸ ਦੀ ਗੱਲ ਨਹੀਂ ਸੁਣੀ। ਲੱਗਭੱਗ 6 ਮਹੀਨਿਆਂ ਤੋਂ ਸੁੱਚਾ ਸਿੰਘ ਲੰਗਾਹ ਅਕਾਲ ਤਖਤ ਅੱਗੇ ਮਾਫ਼ੀ ਲਈ ਰੋਜ਼ਾਨਾ ਅਰਦਾਸ ਕਰ ਰਿਹਾ ਹੈ। ਲੰਗਾਹ ਦੇ ਕਰੀਬੀ ਵੀ ਜਥੇਦਾਰ ਨੂੰ ਅਪੀਲਾਂ ਕਰ ਰਹੇ ਹਨ। ਇੱਥੋ ਤੱਕ ਕਿ ਲੰਗਾਹ ਦੇ ਮਾਤਾ ਪਿਤਾ ਨੇ ਵੀ ਪੰਥ ਵਾਪਸੀ ਲਈ ਜਥੇਦਾਰ ਨੂੰ ਅਪੀਲ ਕੀਤੀ ਪ੍ਰੰਤੂ ਕਿਸੇ ਅਪੀਲ ਦਾ ਜਥੇਦਤਾਰ ਅਤੇ ਅਕਾਲੀ ਦਲ ਦੀ ਹਾਈਕਮਾਂਡ ਉੱਪਰ ਅਸਰ ਨਹੀਂ ਹੋਇਆ ਕਿਉਂਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਜਾਂ ਸਿੱਖ ਕੌਮ ਦੇ ਧਾਰਮਿਕ ਆਗੂ ਕੋਈ ਅਜਿਹਾ ਰਿਸਕ ਮੁੱਲ ਨਹੀਂ ਲੈਣਾ ਚਾਹੁੰਦੇ ਜਿਸ ਕਾਰਨ ਲੋਕਾਂ ਦੀ ਸੱਥ ਵਿੱਚ ਤੁਹਮਤਾਂ ਦਾ ਸਾਹਮਣਾ ਕਰਨਾ ਪਵੇ। ਬਹਰਹਾਲ ! ਸੁੱਚਾ ਸਿੰਘ ਲੰਗਾਹ ਆਪਣੀ ਮੁਆਫੀ ਅਤੇ ਪੰਥ ਵਾਪਸੀ ਲਈ ਰੋਜ਼ਾਨਾ ਅਰਦਾਸ ਅਤੇ ਅਪੀਲ ਕਰ ਰਿਹਾ ਹੈ ਪ੍ਰੰਤੂ ਇੱਕ ਵੱਡੇ ਰੁਤਬੇ ’ਤੇ ਹੁੰਦੇ ਹੋਏ ਬਿਗਾਨੀ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਣ ਦੀ ਕਹਾਣੀ ਸੁੱਚਾ ਸਿੰਘ ਦੀਆਂ ਅਪੀਲਾਂ ’ਤੇ ਭਾਰੂ ਪੈ ਰਹੀ ਹੈ। ਸ਼ਾਇਦ ! ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜਨਤਕ ਆਗੂਆਂ ਨੂੰ ਆਪਣੇ ਹੀ ਹੱਥ ਦੀ ਉਂਗਲ ਨਾਲ ਆਪਣੀ ਹੀ ਅੱਖ ਦੀ ਸਫਾਈ ਵੀ ਬੜੇ ਧਿਆਨ ਨਾਲ ਕਰਨੀ ਪੈਂਦੀ ਹੈ, ਨਹੀਂ ਤਾਂ ਕਈ ਵਾਰ ਐਵੇਂ ਹੀ ‘ਅੱਖ ਮਾਰਨ’ ਦੇ ਇਲਜ਼ਾਮ ਲੱਗ ਜਾਂਦੇ ਹਨ ।