ਚੰਡੀਗੜ, 25 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ’ਚ ਨਵਜੋਤ ਸਿੰਘ ਸਿੱਧੂ ਬਾਰੇ ਇੱਕ ਸਵਾਲ ਦੇ ਜਵਾਬ ’ਚ ਸਖ਼ਤ ਭਾਸ਼ਾ ਵਰਤਦੇ ਹੋਏ ਕਿਹਾ ਕਿ ‘ਸਿੱਧੂ ਬੇਅਕਲ ਹੈ, ਉਸ ਨੂੰ ਕੋਈ ਅਕਲ ਨਹੀਂ’ । ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਪੂਰੇ ਵਿਸਥਾਰ ਅਤੇ ਬੇਬਾਕੀ ਨਾਲ ਦਿੱਤੇ। ਕੈਪਟਨ ਨੇ ਕਿਹਾ ਕਿ ਸੂਬੇ ਦੀ ਸੁਰੱਖਿਆ ’ਚ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ, ਮੈਂ ਸੂਬੇ ’ਚ ਸਾਂਤੀ ਚਾਹੁੰਦਾ ਹਾਂ, ਬਤੌਰ ਮੁੱਖ ਮੰਤਰੀ ਅਸੀਂ ਸਰਹੱਦਾਂ ’ਤੇ ਬਹੁਤ ਹਥਿਆਰ ਫੜੇ ਹਨ। ਉਨਾਂ ਕਿਹਾ ਕਿ ਆਈਐਸਆਈ ਅਤੇ ਖਾਲਿਸਤਾਨੀ ਪੰਜਾਬ ਖ਼ਿਲਾਫ਼ ਸਾਜਿਸ ਰਚ ਰਹੇ ਹਨ। ਉਨਾਂ ਕਿਹਾ ਕਿ ਮੈਂ ਆਪਣੇ ਕਾਰਜਕਾਲ ਦੌਰਾਨ 92 ਪ੍ਰਤੀਸ਼ਤ ਵਾਅਦੇ ਪੂਰੇ ਕੀਤੇ, ਜੇ ਮੈਂ ਪੂਰਾ ਸਮਾਂ ਮੁੱਖ ਮੰਤਰੀ ਰਹਿੰਦਾ ਤਾਂ ਸਾਰੇ ਵਾਅਦੇ ਪੂਰੇ ਕਰਦਾ। ਆਪਣੀ ਨਵੀਂ ਪਾਰਟੀ ਬਾਰੇ ਕੈਪਟਨ ਨੇ ਕਿਹਾ ਕਿ ਅਜੇ ਪਾਰਟੀ ਦਾ ਕੋਈ ਨਾਮ ਤੈਅ ਨਹੀਂ ਹੋਇਆ, ਇਸ ਸੰਬੰਧੀ ਚੋਣ ਕਮਿਸ਼ਨ ਨਾਲ ਗੱਲਬਾਤ ਚੱਲ ਰਹੀ ਹੈ, ਜਲਦੀ ਹੀ ਆਪਣੀ ਪਾਰਟੀ ਦਾ ਐਲਾਨ ਕਰਾਂਗਾ। ਉਨਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਭਾਜਪਾ ਅਤੇ ਸੁਖਦੇਵ ਸਿੰਘ ਢੀਂਡਸਾ ਨਾਲ ਸੀਟਾਂ ਦੀ ਗੱਲਬਾਤ ਹੋ ਸਕਦੀ ਹੈ। ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਬਾਰੇ ਕੈਪਟਨ ਨੇ ਕਿਹਾ ਕਿ ‘ਗ੍ਰਹਿ ਮੰਤਰੀ ਅਤੇ ਕਿਸਾਨਾਂ ਦੀ ਗੱਲ ਚੱਲ ਰਹੀ ਹੈ, ਮੈਂ ਵੀ ਵੀਰਵਾਰ ਗ੍ਰਹਿ ਮੰਤਰੀ ਨੂੰ ਮਿਲਾਂਗਾ। ਖੇਤੀ ਕਾਨੂੰਨਾਂ ਬਾਰੇ ਜਲਦੀ ਹੀ ਕੋਈ ਹੱਲ ਨਿਕਲਣ ਦੀ ਆਸ ਹੈ’। ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਸੰਬੰਧੀ ਇੱਕ ਸਵਾਲ ਦੇ ਜਵਾਬ ’ਚ ਉਨਾਂ ਕਿਹਾ ਕਿ ਜਦੋਂ ਕਿਸੇ ਨੂੰ ਬਦਲਣਾ ਹੋਵੇ ਤਾਂ ਬਹੁਤ ਬਹਾਨੇ ਮਿਲ ਜਾਂਦੇ ਹਨ। ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਰੂਸਾ ਆਲਮ ਸੰਬੰਧੀ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਰੰਧਾਵਾ 4 ਸਾਲ ਮੇਰੇ ਨਾਲ ਕੈਬਨਿਟ ਮੰਤਰੀ ਰਿਹਾ, ਉਦੋਂ ਕਿਉਂ ਨਹੀਂ ਬੋਲਿਆ, ਰੰਧਾਵਾ ਅਰੂਸਾ ਆਲਮ ਬਾਰੇ ਚੰਗੀ ਤਰਾਂ ਜਾਣਦਾ ਹੈ । ਕੈਪਟਨ ਨੇ ਕਿਹਾ ਕਿ ‘ਅਰੂਸਾ ਆਲਮ ਬਹੁਤ ਇੰਟੈਲੀਜੈਂਟ ਔਰਤ ਹੈ ਜੇ ਵੀਜ਼ਾ ਖੁੱਲਾ ਹੁੰਦਾ ਤਾਂ ਮੈਂ ਉਸ ਨੂੰ ਹੁਣ ਵੀ ਬੁਲਾਉਦਾ’। ਬੀਐਸਐਫ ਦੇ ਅਧਿਕਾਰ ਖੇਤਰ ਸੰਬੰਧੀ ਰੇੜਕੇ ਬਾਰੇ ਕੈਪਟਨ ਨੇ ਕਿਹਾ ਕਿ ਇਸ ਨਾਲ ਪੰਜਾਬ ਪੁਲਿਸ ਦੀ ਕਾਰਜਵਿਧੀ ਉਪਰ ਕੋਈ ਅਸਰ ਨਹੀਂ ਪਵੇਗਾ ਸਗੋਂ ਪੰਜਾਬ ਪੁਲਿਸ ਨੂੰ ਬੀਐਸਐਫ ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੀ ਰਾਜਨੀਤੀ ’ਚ ਸ਼ੁਰੂ ਕੀਤੀ ਸਰਗਰਮੀ ਨਾਲ ਰਾਜਨੀਤਿਕ ਮਾਹੌਲ ’ਚ ਗਰਮਾਹਟ ਪੈਦਾ ਹੋਵੇਗੀ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ਼ਰੇਆਮ ਐਲਾਨ ਕੀਤਾ ਹੋਇਆ ਹੈ ਕਿ ਉਹ ਸਿੱਧੂ ਨੂੰ ਮੁੱਢ ਮੰਤਰੀ ਨਹੀਂ ਬਣਨ ਦੇਣਗੇ, ਭਾਵ ਕੈਪਟਨ ਦੀ ਰਾਜਨੀਤੀ ਅਗਾਮੀ ਚੋਣਾਂ ’ਚ ਕਾਂਗਰਸ ਨੂੰ ਹਰਾਉਣ ’ਤੇ ਹੀ ਕੇਂਦਰਿਤ ਰਹੇਗੀ।