ਚੰਡੀਗੜ, 28 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ) ਜੀ ਦੀ ਅਦੁੱਤੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੇਅਰ ਸਥਾਪਤ ਕਰਨ ਦੇ ਐਲਾਨ ਦੀ ਪ੍ਰਸੰਸਾ ਕਰਦੇ ਹੋਏ ਡਾ. ਰਾਗਿਨੀ ਸ਼ਰਮਾ ਨੇ ਇਸ ਸੰਬੰਧੀ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਹੈ। ਬਾਬਾ ਜੀਵਨ ਸਿੰਘ ਦੇ ਗੌਰਵਮਈ ਜੀਵਨ ’ਤੇ ਖੋਜ ਅਤੇ ਪੀਐਚਡੀ ਕਰਨ ਵਾਲੇ ਪਿ੍ਰੰਸੀਪਲ ਡਾ. ਰਾਗਿਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਜੀ ਨੂੰ ਆਪਣੇ ਐਲਾਨ ਨੂੰ ਤੁਰੰਤ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਭਾਈ ਜੈਤਾ ਜੀ ਚੇਅਰ ਸਥਾਪਤ ਕਰਨ ਦੇ ਐਲਾਨ ਨਾਲ ਐਸਸੀ ਵਰਗ ਬਾਗੋਬਾਗ ਹੈ। ਉਨਾਂ ਕਿਹਾ ਕਿ ਭਾਈ ਜੈਤਾ ਜੀ, ਜਿਨਾਂ ਨੂੰ ‘ਰੰਗਰੇਟਾ ਗੁਰੂ ਕਾ ਬੇਟਾ’ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ, ਦੇ
ਗੌਰਵਮਈ ਇਤਿਹਾਸ ਨੂੰ ਸੰਭਾਲਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਡਾ. ਰਾਗਿਨੀ ਸ਼ਰਮਾ ਨੇ ਮੰਗ ਕੀਤੀ ਕਿ ਸੂਬੇ ’ਚ ਬਾਬਾ ਜੀਵਨ ਸਿੰਘ ਜੀ ਦੇ ਲੱਖਾਂ ਸ਼ਰਧਾਲੂਆਂ ਦੀ ਭਾਵਨਾ ਦੇ ਮੱਦੇਨਜ਼ਰ ਉਨਾਂ ਦੇ ਜਨਮ ਅਤੇ ਸ਼ਹੀਦੀ ਦਿਹਾੜੇ ’ਤੇ ਗਜਟਿਡ ਛੁੱਟੀ ਦਾ ਐਲਾਨ ਵੀ ਕਰਨਾ ਚਾਹੀਦਾ ਹੈ।