ਬਰਨਾਲਾ, 28 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਜ਼ਿਲ੍ਹੇ ਵਿੱਚ ਕੋਰੋਨਾ ਦੀ ਪਹਿਲੀ ਡੋਜ਼ ਲੈਣ ਵਾਲੇ 27 ਹਜ਼ਾਰ ਲੱਗਭੱਗ ਪੁਰਸ਼ ਅਤੇ ਔਰਤਾਂ ਹਨ, ਜਿਨਾਂ ਨੇ ਦੂਜੀ ਡੋਜ਼ ਲੈਣ ਦਾ ਸਮਾਂ ਲੰਘਣ ਤੋਂ ਬਾਅਦ ਵੀ ਦੂਜੀ ਡੋਜ਼ ਨਹੀਂ ਲਗਵਾਈ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਇਸ ਸੰਬੰਧੀ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਬੁਲਾਈ ਤਾਂ ਜੋ ਇਨਾਂ 27 ਹਜ਼ਾਰ ਪੁਰਸ਼/ਔਰਤਾਂ ਨੂੰ ਜਾਗਰੂਕ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਪੱਤਰਕਾਰ ਭਾਈਚਾਰੇ ਤੋਂ ਵੀ ਕੋਰੋਨਾ ਵੈਕਸੀਨੇਸ਼ਨ ਦਾ 100 ਫੀਸਦੀ ਟੀਚਾ ਪੂਰਾ ਕਰਨ ਲਈ ਸਹਿਯੋਗ ਦੀ ਮੰਗ ਕੀਤੀ । ਉਨਾਂ ਕਿਹਾ ਕਿ 30-31 ਅਕਤੂਬਰ ਸ਼ਨੀਵਾਰ ਅਤੇ ਐਤਵਾਰ ਨੂੰ ਉਕਤ 27 ਹਜ਼ਾਰ ਵਿਅਕਤੀਆਂ ਲਈ ਜ਼ਿਲੇ ’ਚ 6 ਥਾਂਵਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਪਹੁੰਚ ਕੇ ਦੂਜੀ ਡੋਜ਼ ਲਗਵਾਉਣ ਦਾ ਸਮਾਂ ਪੂਰਾ ਕਰ ਚੁੱਕੇ ਵਿਅਕਤੀਆਂ ਨੂੰ ਕੋਰੋਨਾ ਦੀ ਦੂਜੀ ਡੋਜ਼ ਲਗਵਾਉਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਟੀਕਾਕਰਨ ਕੈਪਾਂ ਵਿੱਚ ਸਰਕਾਰੀ ਮੁਲਾਜ਼ਮ/ਅਗਾਮੀ ਵਿਧਾਨ ਸਭਾ ਚੋਣਾਂ ’ਚ ਡਿਊਟੀਆਂ ਲਈ ਤਾਇਨਾਤ ਕੀਤੇ ਜਾਣ ਵਾਲੇ ਕਰਮਚਾਰੀਆਂ ਦਾ ਪਹਿਲ ਦੇ ਅਧਾਰ ’ਤੇ ਟੀਕਾਕਰਨ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜਿੰਦਰ ਸਿੰਗਲਾ ਨੇ ਦੱਸਿਆ ਕਿ ਦੂਜੀ ਡੋਜ਼ ਲਗਾਉਣ ਲਈ ਵਿਸ਼ੇਸ਼ ਕੈਪ ਸਿਵਲ ਹਸਪਤਾਲ ਬਰਨਾਲਾ, ਸਰਕਾਰੀ ਹਸਪਤਾਲ ਤਪਾ, ਸੀਐਚਸੀ ਧਨੌਲਾ, ਸੀਐਚਸੀ ਮਹਿਲ ਕਲਾਂ, ਸੀਐਚਸੀ ਭਦੌੜ ਅਤੇ ਸੀਐਚਸੀ ਚੰਨਣਵਾਲ ਵਿਖੇ ਲਗਾਏ ਜਾਣਗੇ। ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ’ਚ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ 420927 ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ, ਜਿਨਾਂ ਵਿੱਚੋਂ 100067 ਲੋਕਾਂ ਦਾ ਸੰਪੂਰਨ ਟੀਕਾਕਰਨ (ਦੋਨੋ ਖੁਰਾਕਾਂ) ਹੋਇਆ ਹੈ, ਅਤੇ 320860 ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਉਨਾਂ ਅਪੀਲ ਕੀਤੀ ਕਿ ਜਿਨਾਂ ਨੂੰ ਪਹਿਲੀ ਖੁਰਾਕ ਲਗਵਾਏ ਘੱਟੋ ਘੱਟ 85 ਦਿਨ ਹੋ ਚੁੱਕੇ ਹਨ, ਉਹ ਆਪਣੀ ਦੂਜੀ ਖੁਰਾਕ ਜ਼ਰੂਰ ਲਗਵਾਉਣ। ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਦੇਵਦਰਸ਼ਦੀਪ ਸਿੰਘ ਵੀ ਹਾਜ਼ਰ ਸਨ।