-ਡਾ. ਅੰਸ਼ੁਲ ਗਰਗ ਤੇ ਡਾ. ਹਰੀਸ਼ ਕੁਮਾਰ ਨੇ ਦੋਸ਼ ਨਾਕਾਰੇ
ਬਰਨਾਲਾ, 28 ਅਕਤੂਬਰ (ਨਿਰਮਲ ਸਿੰਘ ਪੰਡੋਰੀ ) : ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਇਲਾਜ ਦੌਰਾਨ ਬੇਨਿਯਮੀਆਂ ਕਰਨ ਵਾਲੇ ਸਿਵਲ ਹਸਪਤਾਲ ਬਰਨਾਲਾ ਦੇ ਹੱਡੀਆਂ ਦੇ ਮਾਹਿਰ ਡਾ. ਅੰਸ਼ੁਲ ਗਰਗ ਅਤੇ ਡਾ. ਹਰੀਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਔਲਖ ਦੀ ਪੜਤਾਲ ਰਿਪੋਰਟ ਉੱਪਰ ਐਕਸ਼ਨ ਲੈਂਦੇ ਹੋਏ ਸਿਹਤ ਵਿਭਾਗ ਦੇ ਸਕੱਤਰ ਵਿਕਾਸ ਗਰਗ ਵੱਲੋਂ ਉਕਤ ਦੋਵੇ ਡਾਕਟਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਸਿਵਲ ਸਰਜਨ ਦੀ ਰਿਪੋਰਟ ਅਨੁਸਾਰ ਡਾ. ਅੰਸ਼ੁਲ ਗਰਗ ਤੇ ਡਾ. ਹਰੀਸ਼ ਕੁਮਾਰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਮਰੀਜ਼ਾਂ ਨਾਲ ਖਿਲਵਾੜ ਕਰਨ, ਮਰੀਜ਼ਾਂ ਤੋਂ ਰਿਸ਼ਵਤ ਲੈਣ, ਰਿਕਾਰਡ ਵਿੱਚ ਹੇਰਾਫੇਰੀ ਕਰਨ, ਜਾਅਲੀ ਨੋਟਿਸ ਪਾਉਣ ਅਤੇ ਅਪਰੇਸ਼ਨ ਥੇਈਟਰ ਇੰਨਫੈਕਸ਼ਨ ਕੰਟਰੋਲ ਦੀ ਉਲੰਘਣਾ ਦੇ ਦੋਸ਼ੀ ਪਾਏ ਗਏ ਹਨ। ਸਿਵਲ ਸਰਜਨ ਨੇ ਉਕਤ ਦੋਵੇਂ ਡਾਕਟਰਾਂ ਖ਼ਿਲਾਫ਼ ਮੁੱਖ ਮੰਤਰੀ , ਪ੍ਰਮੁੱਖ ਸਕੱਤਰ ਸਿਹਤ ਵਿਭਾਗ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਕੇਸ ਦਰਜ ਕਰਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਮੰਗੀ ਹੈ। ਸਿਵਲ ਸਰਜਨ ਦੀ ਪੜਤਾਲ ਰਿਪੋਰਟ ਅਨੁਸਾਰ ਡਾ. ਅੰਸ਼ੁਲ ਗਰਗ ਅਤੇ ਡਾ. ਹਰੀਸ਼ ਕੁਮਾਰ ਉੱਪਰ ਦੋਸ਼ ਹਨ ਕਿ ਉਨਾਂ ਨੇ ਪਿੰਡ ਤਾਜੋਕੇ ਦੇ ਮਰੀਜ਼ ਹਰਜਿੰਦਰ ਸਿੰਘ ਪੁੱਤਰ ਜੰਟਾ ਸਿੰਘ ਕੋਲੋ ਮੋਢੇ ਦੇ ਅਪਰੇਸ਼ਨ ਦੇ 10 ਹਜ਼ਾਰ ਰਿਸ਼ਵਤ ਵਜੋਂ ਲਏ। ਪੜਤਾਲ ਅਨੁਸਾਰ ਮਰੀਜ਼ ਦਾ ਅਪਰੇਸ਼ਨ ਕਰਕੇ ਉਸ ਦਾ ਇੰਦਰਾਜ ਰਜਿਸਟਰ ਨਹੀਂ ਕੀਤਾ ਗਿਆ। ਇਸੇ ਤਰਾ ਪਿੰਡ ਧੌਲਾ ਦੇ ਮਰੀਜ਼ ਜਸਵਿੰਦਰਪ੍ਰੀਤ ਸਿੰਘ ਦਾ ਸਰਬੱਤ ਬੀਮਾ ਯੋਜਨਾ ਤਹਿਤ ਇਲਾਜ ਕਰਨ ਵਿੱਚ ਵੀ ਉਕਤ ਦੋਵੇਂ ਡਾਕਟਰ ਬੇਨਿਯਮੀਆਂ ਦੇ ਦੋਸ਼ੀ ਪਾਏ ਗਏ ਹਨ। ਸਿਵਲ ਸਰਜਨ ਦੀ ਰਿਪੋਰਟ ਅਨੁਸਾਰ ਆਯੂਸਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਇਲਾਜ ਨਾ ਹੋਣ ਕਾਰਨ ਹਸਪਤਾਲ ਨੂੰ ਕਰੀਬ 47 ਲੱਖ ਰੁਪਏ ਦਾ ਘਾਟਾ ਪਿਆ ਹੈ। ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਇਲਾਜ ਕਰਵਾਉਣ ਆਉਂਦੇ ਮਰੀਜ਼ਾਂ ਦੇ ‘ਰਿਸ਼ਵਤ ਦਾ ਟੀਕਾ’ ਲੱਗਣ ਦੀ ਚਰਚਾ ਅਕਸਰ ਹੁੰਦੀ ਰਹੀ ਹੈ।
ਬਾਕਸ ਆਈਟਮ
ਦੂਜੇ ਪਾਸੇ ਡਾ. ਅੰਸ਼ੁਲ ਗਰਗ ਅਤੇ ਡਾ. ਹਰੀਸ਼ ਕੁਮਾਰ ਨੇ ਕਿਹਾ ਕਿ ਸਿਵਲ ਸਰਜਨ ਵੱਲੋਂ ਉਨਾਂ ਨੂੰ ਕਿਸੇ ਪੜਤਾਲ ’ਚ ਸ਼ਾਮਲ ਨਹੀਂ ਕੀਤਾ ਗਿਆ। ਊਨਾਂ ਬਰਨਾਲਾ ਜ਼ਿਲੇ ਤੋਂ ਬਾਹਰ ਕਿਸੇ ਉੱਚ ਅਧਿਕਾਰੀ ਤੋਂ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ।