-13 ਲੱਖ ਰੁਪਏ ਦੀ ਲਾਗਤ ਵਾਲੇ ਜ਼ਿਲ੍ਹੇ ਦੇ ਪੇਂਡੂ ਖੇਤਰ ਦੇ ਪਹਿਲੇ ਪਲਾਂਟ ਦਾ ਡਿਪਟੀ ਕਮਿਸ਼ਨਰ ਵੱਲੋਂ ਉਦਘਾਟਨ
–ਗਿੱਲੇ ਕੂੜੇ ਦੇ ਪ੍ਰਬੰਧਨ ਲਈ ਬਣਾਈਆਂ 8 ਪਿੱਟਸ, 500 ਤੋਂ ਵੱਧ ਘਰਾਂ ਨੂੰ ਪੁੱਜੇਗਾ ਫਾਇਦਾ
ਬਰਨਾਲਾ, 28 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਜ਼ਿਲ੍ਹਾ ਬਰਨਾਲਾ ਵਿੱਚ ਸਵੱਛਤਾ ਮੁਹਿੰਮ (ਗ੍ਰਾਮੀਣ) ਨੂੰ ਹੁਲਾਰਾ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਹੰਭਲੇ ਨਾਲ ਪਿੰਡ ਭੋਤਨਾ ਵਿਖੇ ਠੋਸ ਕੂੜਾ ਪ੍ਰਬੰਧਨ ਪਲਾਂਟ (ਸਾਲਿਡ ਵੇਸਟ ਮੈਨੇਜਮੈਂਟ ਪਲਾਂਟ) ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਕੀਤਾ। ਇਹ ਪਲਾਂਟ ਜਿੱਥੇ ਪੇਂਡੂ ਖੇਤਰ ਦਾ ਪੰਜਾਬ ਦਾ ਸਭ ਤੋਂ ਵੱਡਾ ਪਲਾਂਟ ਹੈ, ਉਥੇ ਜ਼ਿਲ੍ਹਾ ਬਰਨਾਲਾ ਦਾ ਪੇਂਡੂ ਖੇਤਰ ਦਾ ਪਹਿਲਾ ਪਲਾਂਟ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 13 ਲੱਖ ਰੁਪਏ ਦੀ ਲਾਗਤ ਵਾਲਾ ਇਹ ਪਲਾਂਟ ਕੂੜੇ ਦੇ ਯੋਗ ਪ੍ਰਬੰਧਨ ਲਈ ਵਰਦਾਨ ਸਾਬਿਤ ਹੋਵੇਗਾ। ਉਨਾਂ ਦੱਸਿਆ ਕਿ ਇਹ ਪਲਾਂਟ ਪਿੰਡ ਦੇ 500 ਤੋਂ ਵੱਧ ਘਰਾਂ ਦੇ ਕੂੜੇ ਦੇ ਪ੍ਰਬੰਧਨ ਦੇ ਸਮਰੱਥ ਹੈ। ਇਸ ਪਲਾਂਟ ਵਿਚ 8 ਪਿੱਟਸ ਬਣਾਈਆਂ ਗਈਆਂ ਹਨ, ਜਿਨਾਂ ਰਾਹੀਂ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਵੇਗੀ। ਇਸ ਮੌਕੇ ਰਾਊਂਡ ਗਲਾਸ ਫਾਊਡੇਸ਼ਨ ਤੋਂ ਡਾ. ਰਜਨੀਸ਼ ਕੁਮਾਰ ਨੇ ਕਿਹਾ ਕਿ ਕੂੜੇ ਦੇ ਯੋਗ ਪ੍ਰਬੰਧਨ ਸ਼ਹਿਰੀ ਖੇਤਰਾਂ ਦੇ ਨਾਲ ਨਾਲ ਪੇਂਡੂ ਖੇਤਰਾਂ ਵਿਚ ਵੀ ਬੇਹੱਦ ਜ਼ਰੂਰੀ ਹੈ। ਇਸ ਵਾਸਤੇ ਸਾਂਝੇ ਯਤਨ ਲੋੜੀਂਦੇ ਹਨ। ਇਸ ਮੌਕੇ ਜ਼ਿਲਾ ਸੈਨੀਟੇਸ਼ਨ ਅਫਸਰ ਬਰਨਾਲਾ ਗੁਰਵਿੰਦਰ ਸਿੰਘ ਢੀਂਡਸਾ ਨੇ ਗਿੱਲੇ ਅਤੇ ਸੁੱਕੇ ਕੂੜੇ ਦੇ ਵੱਖੋ-ਵੱਖ ਪ੍ਰਬੰਧਨ ਉਤੇ ਜ਼ੋਰ ਦਿੰਦੇ ਹੋਏ ਆਖਿਆ ਕਿ ਇਹ ਪੇਂਡੂ ਖੇਤਰ ਦਾ ਸੂਬੇ ਦੇ ਸਭ ਤੋਂ ਵੱਡਾ ਅਤੇ ਜ਼ਿਲੇ ਦੇ ਪੇਂਡੂ ਖੇਤਰ ਦਾ ਪਹਿਲਾ ਕੂੜਾ ਪ੍ਰਬੰਧਨ ਪਲਾਂਟ ਹੈ। ਇਸ ਮੌਕੇ ਸਲਾਹਕਾਰ, ਦਿ ਟ੍ਰਾਈਡੈਂਟ ਫਾਊਂਡੇਸ਼ਨ ਸ੍ਰੀ ਗੁਰਲਵਲੀਨ ਸਿੱਧੂ ਆਈਏਐਸ (ਰਿਟਾ.) ਦੀ ਟੀਮ ਨੇ ਪਿੰਡ ਵਾਸੀਆਂ ਨੂੰ ਜਿੱਥੇ ਕੱਪੜੇ ਦੇ ਥੈਲੇ ਵੰਡੇ, ਉਥੇ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ। ਇਸ ਮੌਕੇ ਭੋਤਨਾ ਦੇ ਸਰਪੰਚ ਬੁੱਧ ਸਿੰਘ, ਕੁਲਦੀਪ ਸਿੰਘ ਐਸਡੀਈ, ਸੇਵੀਆ ਸ਼ਰਮਾ ਕਮਿਊਨਿਟੀ ਡਿਵੈਲਪਮੈਂਟ ਮਾਹਿਰ, ਰਾਜੀਵ ਗਰਗ, ਯੂਥ ਕਲੱਬ ਪ੍ਰ੍ਰਧਾਨ ਸੁਖਦੇਵ ਸਿੰਘ, ਜ਼ਿਲਾ ਯੂਥ ਅਫਸਰ ਓਮਕਾਰ ਸਵਾਮੀ, ਪੰਚਾਇਤ ਸਕੱਤਰ ਤੇ ਮਗਨਰੇਗਾ ਵਰਕਰ, ਪੰਚਾਇਤ ਤੇ ਹੋਰ ਪਤਵੰਤੇ ਹਾਜ਼ਰ ਸਨ।