- ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਤੁਰੰਤ ਧਿਆਨ ਦੇਣ
ਚੰਡੀਗੜ- ਕਿਸਾਨ ਯੂਥ ਆੲਗੇਨਾਈਜੇਸ਼ਨ ਆੱਫ਼ ਇੰਡੀਆ ਕੇਵਾਈਓਆਈ ਦੇ ਸੂਬਾ ਪ੍ਰਧਾਨ ਨਿਰਮਲ ਦੋਸਤ(ਰਾਏਕੋਟ) ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀ ਕਲਾਸ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਤੋ ਜੋ ਸਾਲਾਨਾ ਪ੍ਰੀਖਿਆਵਾਂ ਲਈ ਪੇਪਰਾਂ ਦੀ ਫੀਸ ਵਸੂਲੀ ਜਾ ਰਹੀ ਹੈ, ਉਹ ਹਜ਼ਾਰਾਂ ਰੁਪਏ ਹੈ ਜੋ ਕਿ ਗਰੀਬ ਪਰਿਵਾਰਾਂ ਦੇ ਵੱਸ ਤੋਂ ਬਾਹਰ ਹੈ। ਜਿਸ ਕਾਰਨ ਮਾਪੇ ਤੇ ਵਿਦਿਆਰਥੀ ਮਾਨਸਿਕ ਤੌਰ ‘ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਉਨਾਂ ਕਿਹਾ ਕਿ ਮਾਪੇ ਅਤੇ ਵਿਦਿਆਰਥੀ ਸਕੂਲਾਂ ‘ਚੋਂ ਆਪਣਾ ਨਾਮ ਕਟਵਾਉਣ ਲਈ ਮਜ਼ਬੂਰ ਦਿਖਾਈ ਦੇ ਰਹੇ ਹਨ। ਪੇਪਰਾਂ ਦੀ ਫੀਸ ਲੇਟ ਜਮਾ ਕਰਵਾਉਣ ਦੀ ਹਾਲਤ ‘ਚ ਜੋ ਜੁਰਮਾਨਾ ਅਦਾ ਕਰਨਾ ਹੈ ਉਹ 500ਰੁਪਏ, 1000 ਰੁਪਏ ਅਤੇ 2000 ਰੁਪਏ ਤੱਕ ਹੈ। ਸਕੂਲੀ ਵਿਦਿਆਰਥੀਆਂ ਦੇ ਵੱਖ-ਵੱਖ ਵਿਸ਼ਿਆਂ ਦੀ ਪੜਾਈ ਲਈ ਅਧਿਆਪਕਾਂ ਵੱਲੋਂ ਮੋਬਾਇਲ ਫੋਨਾਂ ‘ਤੇ ਬਣਾਏ ਗਏ ਵੱਟਸਐਪ ਗਰੁੱਪਾਂ ‘ਚ ਸਕੂਲਾਂ ਦੇ ਸਟਾਫ਼ ਵੱਲੋਂ ਇਹ ਮੈਸਿਜ਼ ਵੀ ਪਾਏ ਜਾ ਰਹੇ ਨੇ ਕਿ ਬੱਚਿਆਂ ਦੀ ਫੀਸ ਨਾ ਆਉਣ ਕਾਰਨ ਸਕੂਲ ‘ਚੋ ਨਾਂਅ ਕੱਟ ਦਿੱਤਾ ਜਾਵੇਗਾ। ਇਸ ਸਭ ਵਰਤਾਰੇ ਨਾਲ ਗਰੀਬ ਵਿਦਿਆਰਥੀਆਂ ਦੇ ਵਿੱਦਿਆ ਪ੍ਰਾਪਤੀ ਦੇ ਹੱਕਾਂ ਨੂੰ ਖੋਹਿਆ ਨਹੀਂ ਜਾ ਰਿਹਾ ਤਾਂ ਹੋਰ ਕੀ ਹੈ? ਨਿਰਮਲ ਦੋਸਤ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਤੋਂ ਪੁਰਜ਼ੋਰ ਮੰਗ ਕੀਤੀ ਹੈ ਵਿਦਿਆਰਥੀਆਂ ‘ਤੇ ਥੋਪੀ ਗਈ ਉਕਤ ਫੀਸ ਦੀ ਰਕਮ ਨੂੰ ਘੱਟ ਕੀਤਾ ਜਾਵੇ, ਬਿਨਾਂ ਲੇਟ ਫੀਸ ਲਈ ਸਮਾਂ ਵਧਾਇਆ ਜਾਵੇ ਅਤੇ ਮਜ਼ਬੂਰੀ ਵੱਸ ਲੇਟ ਫੀਸ ਜਮਾਂ ਕਰਵਾਉਦੇ ਸਮੇਂ ਜ਼ੁਰਮਾਨੇ ਦੀ ਰਕਮ ਘੱਟ ਕੀਤੀ ਜਾਵੇ ਤਾਂ ਜੋ ਕੋਈ ਵੀ ਵਿਦਿਆਰਥੀ ਵਿੱਦਿਆ ਪ੍ਰਾਪਤੀ ਦੇ ਹੱਕ ਤੋਂ ਵਾਂਝਾ ਨਾ ਰਹਿ ਸਕੇ ।