-ਪਟਾਕਿਆਂ ’ਤੇ ਹੋਈ ਰੇਡ ’ਚ ਕੁਝ ਪੱਤਰਕਾਰਾਂ ਵੱਲ ਉੱਠੀ ਉਗਲ
ਬਰਨਾਲਾ, 30 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ’ਚ ਪਟਾਕਿਆਂ ਸੰਬੰਧੀ
ਛਾਪੇਮਾਰੀ ਤੋਂ ਬਾਅਦ ਸ਼ਹਿਰ ਦੇ ਵਪਾਰੀ ਲੋਹੇ-ਲਾਖ਼ੇ ਹੋਏ ਫਿਰਦੇ ਹਨ। ਕੋਵਿਡ-19 ਕਾਰਨ ਵਿੱਤੀ ਮਾਰ ਦੇ ਝੰਬੇ ਵਪਾਰੀ ਹੱਥ-ਪੱਲਾ ਮਾਰ ਕੇ ਉੱਠਣ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਕੁਝ ਆਪਣੇ ਹੀ ਆਗੂਆਂ ਦੀ ਬੇਵਫਾਈ ਕਾਰਨ ਸ਼ਹਿਰ ਦਾ ਵਪਾਰੀ ਵਰਗ ਪ੍ਰਸ਼ਾਸਨਿਕ ਕੋਰੋਨਾ ਦੀ ਮਾਰ ਹੇਠ ਆ ਗਿਆ ਹੈ। ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀ ਪਟਾਕਿਆਂ ਦੇ ਗੋਦਾਮਾਂ ’ਤੇ ਛਾਪੇਮਾਰੀ ਕਰਕੇ ਕਰੋੜਾਂ ਰੁਪਏ ਦੇ ਪਟਾਕੇ ਬਰਾਮਦ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਪ੍ਰਸਾਸ਼ਨ ਦਾ ਤਰਕ ਹੈ ਕਿ ਇਹ ਪਟਾਕੇ ਨਿਯਮਾਂ ਦੀ ਉਲੰਘਣਾ ਕਰਕੇ ਸਟੋਰ ਕੀਤੇ ਹੋਏ ਸਨ। ਪਟਾਕਿਆਂ ਦੇ ਗੋਦਾਮ ਫੜੇ ਜਾਣ ਤੋਂ ਬਾਅਦ ਸ਼ਹਿਰ ਅੰਦਰ ਦੂਸ਼ਣਬਾਜ਼ੀ ਦੇ ਪਟਾਕੇ ਪੈਣੇ ਸ਼ੁਰੂੁ ਹੋ ਗਏ। ਵਪਾਰੀਆਂ ਨੇ ਸ਼ਰੇਆਮ ਦੋਸ਼ ਲਗਾਇਆ ਕਿ ਵਪਾਰ ਮੰਡਲ ਦਾ ਇੱਕ ਆਗੂ ਅਤੇ ਕੁਝ ਪੱਤਰਕਾਰਾਂ ਨੇ ਰਲਮਿਲ ਕੇ ਦੀਵਾਲੀ ਨੂੰ ਚਲਾਉਣ ਵਾਲੇ ਪਟਾਕੇ ਜਬਤ ਕਰਵਾ ਕੇ ਵਪਾਰੀਆਂ ਦੇ ਵਿੱਤੀ ਪਟਾਕੇ ਪਾ ਦਿੱਤੇ। ਥਾਣਾ ਸਿਟੀ ਅੱਗੇ ਸ਼ੁੱਕਰਵਾਰ ਦੇਰ ਰਾਤ ਵਪਾਰੀਆਂ ਨੇ ਧਰਨਾ ਲਗਾ ਕੇ ਰੋਸ ਪ੍ਰਗਟ ਕੀਤਾ ਅਤੇ ਵਪਾਰ ਮੰਡਲ ਦੇ ਆਗੂ ਸਮੇਤ ਮੀਡੀਆ ਕਰਮੀਆਂ ਦੇ ਨਾਮ ਤੱਕ ਜ਼ਾਹਿਰ ਕਰ ਦਿੱਤੇ। ਵਪਾਰੀਆਂ ਨੇ ਕਿਹਾ ਕਿ ਕੁਝ ਪੱਤਰਕਾਰ ਸਪਲੀਮੈਂਟ ਦੇ ਨਾਮ ’ਤੇ ਹਜ਼ਾਰਾਂ ਰੁਪਏ ਦੇ ਇਸ਼ਤਿਹਾਰ ਵੀ ਲੈ ਜਾਂਦੇ ਹਨ ਅਤੇ ਫਿਰ ਕਥਿਤ ਰੇਡ ਵੀ ਕਰਵਾ ਦਿੰਦੇ ਹਨ। ਮੰਨਿਆ ਜਾ ਸਕਦਾ ਹੈ ਕਿ ਸ਼ਹਿਰ ਅੰਦਰ ਕਿਸੇ ਵੀ ਖੇਤਰ ਵਿੱਚ, ਕਿਸੇ ਵੀ ਕੰਮ ’ਚ ਹੋ ਰਹੀ ਬੇਨਿਯਮੀ ਨੂੰ ਰੋਕਣਾ ਸਥਾਨਕ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਪੰ੍ਰਤੂ ਸ਼ਰੇਆਮ ਰੇਡ ਕਰਵਾਉਣ ਵਿੱਚ ਪੱਤਰਕਾਰਾਂ ਦਾ ਨਾਮ ਸਾਹਮਣੇ ਆਉਣਾ ਜਿੱਥੇ ਪੱਤਰਕਾਰਿਤਾ ’ਤੇ ਬਦਨਾਮੀਨੁਮਾ ਧੱਬਾ ਹੈ ਉੱਥੇ ਆਮ ਲੋਕਾਂ ਨੂੰ ਇਸ ਸੰਬੰਧੀ ਸੁਚੇਤ ਵੀ ਕਰਦਾ ਹੈ ਕਿ ਲੋਕ ਪੱਤਰਕਾਰੀ ਦੇ ਰੂਪ ’ਚ ਛੁਪੀਆਂ ਕਾਲੀਆਂ ਭੇਡਾਂ ਦੀ ਉੱਨ ਲਾਹ ਕੇ ਚੁਰਸਤੇ ਵਿੱਚ ਟੰਗ ਦੇਣ ਤਾਂ ਜੋ ਪੱਤਰਕਾਰੀ ਨੂੰ
ਰਿਸ਼ਵਤਖ਼ੋਰੀ ਦਾ ਧੰਦਾ ਬਣਾਉਣ ਵਾਲੇ ਕਥਿਤ ਪੱਤਰਕਾਰਾਂ ਦਾ ਅਸਲੀ ਚਿਹਰਾ ਸਾਹਮਣੇ ਆਵੇ। ਵਪਾਰੀ ਆਗੂਆਂ ਨੂੰ ਚਾਹੀਦਾ ਹੈ ਕਿ ਸਾਰੇ ਪੱਤਰਕਾਰ ਭਾਈਚਾਰੇ ਨੂੰ ਬਦਨਾਮ ਕਰਨ ਦੀ ਬਜਾਏ ਸੰਬੰਧਿਤ ਪੱਤਰਕਾਰਾਂ ਨੂੰ ਹੀ ਸਾਹਮਣੇ ਲਿਆਉਣਾ ਚਾਹੀਦਾ ਹੈ। ਥਾਣਾ ਸਿਟੀ ਅੱਗੇ ਲੱਗੇ ਧਰਨੇ ’ਚ ਵਪਾਰ ਮੰਡਲ ਦੇ ਇੱਕ ਆਗੂ ਦਾ ਤਖ਼ਤਾ ਪਲਟਣ ਦੀਆਂ ਗੱਲਾਂ ਵੀ ਹੋਈਆਂ। ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਚੁੱਪ ਵੀ ਵਪਾਰੀਆਂ ਨੂੰ ਸ਼ੁਰਲੀ ਵਾਂਗ ਧੁਖ਼ਾ ਰਹੀ ਹੈ। ਕੁੱਲ ਮਿਲਾ ਕੇ ਪਟਾਕਿਆਂ ਸੰਬੰਧੀ ਪ੍ਰਸ਼ਾਸਨ ਦੀ ਕਾਰਵਾਈ ਤੋਂ ਬਾਅਦ ਵਿੱਤੀ ਪਟਾਕਿਆਂ ਦੀ ਮਾਰ ਝੱਲਣ ਵਾਲੇ ਵਪਾਰੀਆਂ ਵੱਲੋਂ ਵਪਾਰ ਮੰਡਲ ਦੇ ਆਗੂਆਂ ਅਤੇ ਸੱਤਾਧਾਰੀ ਧਿਰ ਦੇ ਕੁਝ ਆਗੂਆਂ ਦੇ ਸਿਆਸੀ ਪਟਾਕੇ ਪਾਉਣ ਦੀ ਚਰਚਾ ਨੇ ਸ਼ਹਿਰ ਅੰਦਰ ਦੀਵਾਲੀ ਤੋਂ ਪਹਿਲਾਂ ਹੀ ਠਾਹ-ਠੂਹ ਸ਼ੁਰੂ ਕਰ ਦਿੱਤੀ ਹੈ।