-30 ਨਵੰਬਰ ਤੱਕ ਹੋਵੇਗੀ ਵੋਟਰ ਸੂਚੀਆਂ ਦੀ ਸੁਧਾਈ
ਬਰਨਾਲਾ, 2 ਨਵੰਬਰ (ਨਿਰਮਲ ਸਿੰਘ ਪੰਡੋਰੀ) : ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਤੋਂ ਪਹਿਲਾਂ ਮੁਢਲੀ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਇੱਥੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਅਤੇ ਵੋਟਰ ਸੂਚੀਆਂ ਦੀ ਸੀਡੀ ਉਪਲੱਬਧ ਕਰਵਾਈ ਗਈ। ਇਸ ਮੌਕੇ ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਨਵੰਬਰ ਤੱਕ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੌਰਾਨ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾਣੀ ਹੈ। ਉਨਾਂ ਕਿਹਾ ਕਿ ਜਿਨਾਂ ਨੌਜਵਾਨਾਂ ਦੀ 1 ਜਨਵਰੀ 2022 ਨੂੰ ਉਮਰ 18 ਸਾਲ ਹੋ ਜਾਵੇਗੀ, ਉਹ ਇਸ ਮੁਹਿੰਮ ਦੌਰਾਨ ਆਪਣੀਆਂ ਵੋਟਾਂ ਬਣਵਾ ਲੈਣ। ਇਸ ਮੌਕੇ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਤਿੰਨ ਵਿਧਾਨ ਸਭਾ ਚੋਣ ਹਲਕਿਆਂ 102-ਭਦੌੜ (ਅ.ਜ.), 103-ਬਰਨਾਲਾ ਅਤੇ 104-ਮਹਿਲ ਕਲਾਂ (ਅ.ਜ.) ਦੀ ਫੋਟੋ ਵੋਟਰ ਸੂਚੀ-2022 ਦੀ ਡਰਾਫਟ ਰੋਲ ਦਾ ਇੱਕ-ਇੱਕ ਸੈੱਟ ਅਤੇ ਇੱਕ-ਇੱਕ ਬਿਨਾਂ ਫੋਟੋ ਵਾਲੀ ਸੀ.ਡੀ. ਮੁਹੱਈਆ ਕਰਾਈ ਗਈ।
ਇਸ ਮੌਕੇ ਸਵੀਪ ਨੋਡਲ ਅਫਸਰ-ਕਮ-ਸਹਾਇਕ ਕਮਿਸ਼ਨਰ (ਜ) ਬਰਨਾਲਾ ਦੇਵਦਰਸ਼ਦੀਪ ਸਿੰਘ ਵੱਲੋਂ ਕਮਿਸ਼ਨ ਦੇ ਸੁਧਾਈ ਸਬੰਧੀ ਜਾਰੀ ਕੀਤੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ। ਤਹਿਸੀਲਦਾਰ ਚੋਣਾਂ ਸ੍ਰੀ ਵਿਜੈ ਕੁਮਾਰ ਨੇ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01.01.2022 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਸੁਧਾਈ ਦੇ ਜਾਰੀ ਕੀਤੇ ਪ੍ਰੋਗਰਾਮ ਅਨੁਸਾਰ ਜ਼ਿਲਾ ਬਰਨਾਲਾ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਾ 102-ਭਦੌੜ (ਅ.ਜ.), 103-ਬਰਨਾਲਾ ਅਤੇ 104-ਮਹਿਲ ਕਲਾਂ (ਅ.ਜ.) ਦੀਆਂ ਫੋਟੋ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਵੱਲੋਂ ਅੱਜ ਮਿਤੀ 01.11.2021 ਨੂੰ ਕਰਵਾਈ ਗਈ ਹੈ। ਉਨਾਂ ਦੱਸਿਆ ਕਿ ਸੁਧਾਈ ਪ੍ਰੋਗਰਾਮ ਦੌਰਾਨ ਮਿਤੀ 01.11.2021 ਤੋਂ ਮਿਤੀ 30.11.2021 ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਮਿਤੀ 06.11.2021 (ਸ਼ਨੀਵਾਰ), 07.11.2021 (ਐਤਵਾਰ) ਅਤੇ ਮਿਤੀ 20.11.2021 (ਸ਼ਨੀਵਾਰ), 21.11.2021 (ਐਤਵਾਰ) ਨੂੰ ਇਸ ਜ਼ਿਲੇ ਦੇ ਸਾਰੇ ਭਾਵ ਕੁੱਲ 558 ਪੋਲਿੰਗ ਸਟੇਸ਼ਨਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨਾਂ ਕੈਂਪਾਂ ਦੌਰਾਨ ਪੋਲਿੰਗ ਸਟੇਸ਼ਨਾਂ ’ਤੇ ਬੀ.ਐਲ.ਓਜ਼. ਹਾਜ਼ਰ ਰਹਿ ਕੇ ਵੋਟਾਂ ਦੇ ਫਾਰਮ ਪ੍ਰਾਪਤ ਕਰਨਗੇ। ਉਨਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਟੌਲ ਫਰੀ ਨੰਬਰ 1950 ’ਤੇ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸ੍ਰੀ ਨਰਿੰਦਰ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ, ਸ. ਹਵਾ ਸਿੰਘ ਹਨੇਰੀ, ਬਹੁਜਨ ਸਮਾਜ ਪਾਰਟੀ, ਜਸਵੀਰ ਸਿੰਘ ਜ਼ਿਲਾ ਪ੍ਰਧਾਨ ਬਹੁਜਨ ਸਮਾਜ ਪਾਰਟੀ, ਜਤਿੰਦਰ ਜਿੰਮੀ ਸ਼੍ਰੋਮਣੀ ਅਕਾਲੀ ਦਲ ਤੇ ਰਮਨਦੀਪ ਸਿੰਘ, ਹਰਦੀਪ ਸਿੰਘ ਆਮ ਆਦਮੀ ਪਾਰਟੀ ਹਾਜ਼ਰ ਸਨ।
ਬੌਕਸ ਲਈ ਪ੍ਰਸਤਾਵਿਤ
ਮੁਢਲੀ ਪ੍ਰਕਾਸ਼ਨਾ ਅਨੁਸਾਰ ਜ਼ਿਲੇ ਵਿਚ ਹਨ 488583 ਵੋਟਰ
ਮੁਢਲੀ ਪ੍ਰਕਾਸ਼ਨਾ ਅਨੁਸਾਰ ਜ਼ਿਲਾ ਬਰਨਾਲਾ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਕੁੱਲ 488583 ਵੋਟਰ ਹਨ। ਇਨਾਂ ਵਿਚੋਂ 258737 ਪੁਰਸ਼, 229831 ਔਰਤਾਂ ਅਤੇ 15 ਟਰਾਂਸਜ਼ੈਂਡਰ ਹਨ। 102-ਭਦੌੜ ਹਲਕੇ ਵਿਚ ਕੁੱਲ 153090, 103-ਬਰਨਾਲਾ ਹਲਕੇ ਵਿਚ 177382 ਤੇ 104-ਮਹਿਲ ਕਲਾਂ ਹਲਕੇ ਵਿਚ ਕੁੱਲ 158111 ਵੋਟਰ ਹਨ।